ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਨਿਵਾਇਆ ਸੀਸ, ਪਵਿੱਤਰ ਸਰੋਵਰ ’ਚ ਲਗਾਈ ਆਸਥਾ ਦੀ ਡੁੱਬਕੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 19 October, 2023, 07:13 PM

ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਨਿਵਾਇਆ ਸੀਸ, ਪਵਿੱਤਰ ਸਰੋਵਰ ’ਚ ਲਗਾਈ ਆਸਥਾ ਦੀ ਡੁੱਬਕੀ
ਦੀਵਾਨ ਹਾਲ ’ਚ ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਸੁਣਾਇਆ ਗੁਰ ਇਤਿਹਾਸ
ਪਟਿਆਲਾ 19 ਅਕਤੂਬਰ ()
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਵੱਡੀ ਗਿਣਤੀ ’ਚ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਤੜਕਸਵੇਰੇ ਕਵਾੜ ਖੁੱਲ੍ਹਣ ਮਗਰੋਂ ਆਸਾ ਦੀ ਵਾਰ ਪਾਠ ਅਤੇ ਮੁੱਖਵਾਕ ਉਪਰੰਤ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਾਨਵਤਾ ਦੇ ਕਲਿਆਣ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਗੁਰੂ ਦਰਬਾਰ ’ਚ ਸੀਸ ਨਿਵਾਇਆ ਅਤੇ ਪੰਗਤ-ਸੰਗਤ ਕਰਦਿਆਂ ਪਵਿੱਤਰ ਸਰੋਵਰ ’ਚ ਆਸਥਾ ਦੀ ਡੁੱਬਕੀ ਲਗਾਈ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਗਤਾਂ ਨੇ ਢਾਡੀ ਅਤੇ ਕਵੀਸ਼ਰੀ ਜਥਿਆਂ ਪਾਸੋਂ ਗੁਰੂ ਇਤਿਹਾਸ ਸੁਣਿਆ। ਇਸ ਮੌਕੇ ਭਾਈ ਚਮਕੌਰ ਸਿੰਘ ਕਕਰਾਲਾ, ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਰਵਿੰਦਰ ਸਿੰਘ ਪਿਲਖਣੀ, ਭਾਈ ਬਲਵੀਰ ਸਿੰਘ ਸਾਗਰ, ਭਾਈ ਸਵਰਨ ਸਿੰਘ ਭੱਟੀ, ਭਾਈ ਬਲਕਾਰ ਸਿੰਘ ਅੰਬਾਲਾ, ਚਮਕੌਰ ਸਿੰਘ ਰਮਨ, ਸਾਹਿਬ ਸਿੰਘ ਨਨਉਲਾ ਆਦਿ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਜੀਵਨ ਇਤਿਹਾਸ ਬਾਰੇ ਸਾਂਝ ਪਾਈ। ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸੰਗਤਾਂ ਨੂੰ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਇਤਿਹਾਸ ਅੰਦਰ ਘਾਲੀਆਂ ਘਾਲਣਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਲਗੀਧਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ, ਜਿਸ ਨੇ ਜ਼ਬਰ ਅਤੇ ਜੁਲਮ ਢਾਹੁਣ ਵਾਲਿਆਂ ਦੇ ਖਿਲਾਫ਼ ਲਾਮਿਸਾਲ ਜੰਗ ਲੜੀ ਅਤੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟਕੇ ਖਾਲਸਾ ਰਾਜ ਸਥਾਪਿਤ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਕ, ਸੱਚ ਅਤੇ ਬੇਇਨਸਾਫੀ ਖਿਲਾਫ਼ ਝੰਡਾ ਚੁੱਕਿਆ ਅਤੇ ਦੱਸ ਦਿੱਤਾ ਕਿ ਖਾਲਸਾ ਨਾ ਜ਼ੁਲਮ ਕਰਦਾ ਨਾ, ਜ਼ੁਲਮ ਸਹਿੰਦਾ ਅਤੇ ਸਿੱਖ ਇਤਿਹਾਸ ਅੰਦਰ ਉਨ੍ਹਾਂ ਵੱਲੋਂ ਜੁਲਮ ਦੇ ਖਿਲਾਫ਼ ਲੜਨ ਦੀ ਦਿੱਤੀ ਪ੍ਰੇਰਨਾ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ। ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਗੁਰਬਾਣੀ ਦੇ ਫਲਸਫੇ ਵਿਚੋਂ ਹੀ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਹੋਇਆ, ਜੋ ਸਾਰਿਆਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਦੀ ਜੀਵਨ ਜਾਂਚ ਪ੍ਰਦਾਨ ਕਰਦਾ। ਧਾਰਮਕ ਦੀਵਾਨਾਂ ਵਿਚ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਅਵਤਾਰ ਸਿੰਘ ਬੱਲੋਪੁਰ, ਜਸਵੀਰ ਸਿੰਘ, ਵਰਿੰਦਰ ਸਿੰਘ ਗੋਲਡੀ, ਹਰਵਿੰਦਰ ਸਿੰਘ ਕਾਹਲਵਾਂ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ, ਸਟਾਫ ਅਤੇ ਸੰਗਤਾਂ ਆਦਿ ਸ਼ਾਮਲ ਸਨ।



Scroll to Top