ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਚੱਲਦੀ ਬੱਸ 'ਚ ਧਮਾਕਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 25 October, 2023, 07:56 PM

ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਚੱਲਦੀ ਬੱਸ ‘ਚ ਧਮਾਕਾ
ਧਮਾਕਾ ਹੋਣ ਕਾਰਨ ਦੋ ਲੋਕ ਬੁਰੀ ਤਰ੍ਹਾਂ ਝੁਲਸ ਗਏ
ਨੂਹ, 25 Oct : ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਢਿਡਾਰਾ ਬਾਈਪਾਸ ਉਤੇ ਮੰਗਲਵਾਰ ਦੁਪਹਿਰ ਨੂੰ ਸਵਾਰੀਆਂ ਨਾਲ ਭਰੀ ਹਰਿਆਣਾ ਟਰਾਂਸਪੋਰਟ ਵਿਭਾਗ ਦੀ ਬੱਸ ‘ਚ ਧਮਾਕਾ ਹੋਣ ਕਾਰਨ ਦੋ ਲੋਕ ਬੁਰੀ ਤਰ੍ਹਾਂ ਝੁਲਸ ਗਏ।
ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੇ ਨਾਲ ਹੀ ਬੱਸ ਦੀਆਂ ਸੀਟਾਂ ਨੂੰ ਅੱਗ ਲੱਗ ਗਈ। ਪੂਰੀ ਬੱਸ ਵਿੱਚ ਧੂੰਏਂ ਕਾਰਨ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਡਰਾਈਵਰ ਨੇ ਸਮਝਦਾਰੀ ਨਾਲ ਬੱਸ ਨੂੰ ਮੌਕੇ ‘ਤੇ ਹੀ ਰੋਕ ਲਿਆ ਅਤੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਥਾਨਕ ਲੋਕਾਂ ਨੇ ਵੀ ਮੌਕੇ ‘ਤੇ ਪਹੁੰਚ ਕੇ ਐਂਬੂਲੈਂਸ ਬੁਲਾਈ ਅਤੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਬੱਸ ਚਾਲਕ ਆਬਿਦ ਨੇ ਦੱਸਿਆ ਕਿ ਮੰਗਲਵਾਰ ਨੂੰ ਬੱਸ ਧਾਰੂਹੇੜਾ ਤੋਂ ਪਲਵਲ ਜਾ ਰਹੀ ਸੀ। ਤਾਵਡੂ ਦੇ ਢਿਡਾਰਾ ਬਾਈਪਾਸ ‘ਤੇ ਪਹੁੰਚਣ ‘ਤੇ ਇਕ ਸੀਟ ‘ਤੇ ਅਚਾਨਕ ਧਮਾਕਾ ਹੋ ਗਿਆ, ਜਿਸ ‘ਚ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਕ ਯਾਤਰੀ ਦੇ ਕੋਲ ਕੁਝ ਵਿਸਫੋਟਕ ਸਮੱਗਰੀ ਸੀ, ਜਿਸ ਨਾਲ ਅਚਾਨਕ ਧਮਾਕਾ ਹੋ ਗਿਆ। ਰੌਲਾ ਪੈਣ ਕਾਰਨ ਡਰਾਈਵਰ ਨੇ ਮੌਕੇ ’ਤੇ ਬੱਸ ਰੋਕ ਦਿੱਤੀ।ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ, ਜਦਕਿ ਹਾਦਸੇ ‘ਚ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਸਥਾਨਕ ਲੋਕਾਂ ਮੁਤਾਬਕ ਦੋਵੇਂ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।



Scroll to Top