ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ
ਚੰਡੀਗੜ੍ਹ, 7 ਨਵੰਬਰ 2026 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨੇ ਚੀਨ ਦੇ ਤਿਆਨਜਿਨ ਵਿਖੇ ਆਯੋਜਿਤ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟਸ (ਡਬਲਿਊ. ਯੂ. ਡਬਲਿਊ. ਐਮ.) ਦੀ ਕਾਨਫਰੰਸ ਦੌਰਾਨ ਮੇਜਰ ਇਨੋਵੇਸ਼ਨ ਐਵਾਰਡ ਜਿੱਤਿਆ ਹੈ, ਜਿਸ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਦੌਰਾਨ ਡਾ. ਜੇ. ਐਸ. ਯਾਦਵ ਐਮ.ਡੀ. ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ਅਤੇ ਡਾਇਰੈਕਟਰ ਡਬਲਿਯੂ. ਯੂ. ਡਬਲਿਯੂ. ਐਮ. ਵੀ ਮੌਜੂਦ ਰਹੇ। ਇਹ ਭਾਰਤ ਦੇ ਖੇਤੀਬਾੜੀ ਮੰਡੀਕਰਨ ਖੇਤਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ।
ਇਹ ਭਾਰਤ ਦੇ ਖੇਤੀਬਾੜੀ ਮੰਡੀਕਰਨ ਖੇਤਰ ਲਈ ਇਤਿਹਾਸਕ ਪ੍ਰਾਪਤੀ ਹੈ, ਕਿਉਂਕਿ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਬੋਰਡ ਨੂੰ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਹੋਇਆ ਹੈ। ਇਹ ਪ੍ਰਾਪਤੀ ਪੰਜਾਬ ਲਈ ਵਿਸ਼ਵ ਪੱਧਰ ‘ਤੇ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਦੇ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਦਾ ਵਿਸ਼ਵ ਪੱਧਰੀ ਹੋਣਾ ਦਰਸ਼ਾਉਂਦੀ ਹੈ।
ਇਹ ਪੁਰਸਕਾਰ ਖੇਤੀਬਾੜੀ ਥੋਕ ਮੰਡੀ ਦੇ ਵਿਕਾਸ ਵਿੱਚ ਨਵੀਆਂ ਪਹਿਲਕਦਮੀਆਂ ਲਈ ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਨੂੰ ਦਿੱਤਾ ਗਿਆ। ਪੰਜਾਬ ਦੀ ਚੋਣ ਸਮਾਰਟ, ਟਿਕਾਊ ਅਤੇ ਊਰਜਾ-ਕੁਸ਼ਲ ਥੋਕ ਮੰਡੀਆਂ ‘ਤੇ ਦਿੱਤੀ ਗਈ ਪੇਸ਼ਕਾਰੀ ਲਈ ਕੀਤੀ ਗਈ, ਜਿਸ ਵਿੱਚ ਖੇਤੀਬਾੜੀ ਥੋਕ ਮੰਡੀਆਂ ਨੂੰ ਆਧੁਨਿਕ, ਵਿੱਤੀ ਤੌਰ ‘ਤੇ ਲਾਭਦਾਇਕ, ਤਕਨਾਲੋਜੀ-ਸਮਰੱਥ, ਟਿਕਾਊ ਅਤੇ ਭਾਈਚਾਰਕ-ਮੁਖੀ ਜਨਤਕ ਜਾਇਦਾਦਾਂ ਵਿੱਚ ਬਦਲਣ ਦੇ ਸੂਬੇ ਦੇ ਏਕੀਕ੍ਰਿਤ ਯਤਨਾਂ ਨੂੰ ਉਜਾਗਰ ਕੀਤਾ ਗਿਆ।
ਇਸ ਪੁਰਸਕਾਰ ਲਈ ਵਿਸ਼ਵ ਦੇ ਵੱਖ-ਵੱਖ ਮਾਰਕੀਟਿੰਗ ਬੋਰਡਾਂ ਦੇ ਪ੍ਰਸਤਾਵ ਪ੍ਰਾਪਤ ਹੋਏ ਸਨ। ਅੰਤਰਰਾਸ਼ਟਰੀ ਜਿਊਰੀ ਵੱਲੋਂ ਸਾਰੇ ਪ੍ਰਸਤਾਵਾਂ ਦਾ ਬਾਰੀਕੀ ਨਾਲ ਮੁਲਾਂਕਣ ਕਰਨ ਉਪਰੰਤ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨੂੰ ਜੇਤੂ ਚੁਣਿਆ ਗਿਆ। ਜਿਊਰੀ ਨੇ ਮੰਡੀਆਂ ਦੇ ਆਧੁਨਿਕੀਕਰਨ, ਪਾਰਦਰਸ਼ਤਾ, ਬੁਨਿਆਦੀ ਢਾਂਚੇ ਦੇ ਵਿਕਾਸ, ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਤੇ ਲੋਕਾਂ ਦੀ ਭਲਾਈ ਲਈ ਪੰਜਾਬ ਵੱਲੋਂ ਅਪਣਾਈ ਗਈ ਨਵੀਨਤਮ ਪਹੁੰਚ ਦੀ ਸ਼ਲਾਘਾ ਕੀਤੀ।
ਪੰਜਾਬ ਦੀਆਂ ਪੁਰਸਕਾਰ ਜੇਤੂ ਪਹਿਲਕਦਮੀਆਂ ਇਹ ਦਰਸਾਉਂਦੀਆਂ ਹਨ ਕਿ ਥੋਕ ਮੰਡੀਆਂ ਰਵਾਇਤੀ ਖਰੀਦ-ਵੇਚ ਵਾਲੀਆਂ ਥਾਵਾਂ ਤੋਂ ਅੱਗੇ ਵਧ ਕੇ ਪੇਂਡੂ ਵਿਕਾਸ, ਤਕਨੀਕੀ ਤਰੱਕੀ, ਵਾਤਾਵਰਣਕ ਸਥਿਰਤਾ ਅਤੇ ਜਨਤਕ ਭਲਾਈ ਦੇ ਮਹੱਤਵਪੂਰਨ ਕੇਂਦਰਾਂ ਵਜੋਂ ਕਿਵੇਂ ਵਿਕਸਤ ਹੋ ਸਕਦੀਆਂ ਹਨ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਇੱਕ ਵਿਸ਼ਾਲ ਖੇਤੀਬਾੜੀ ਮੰਡੀਕਰਨ ਨੈੱਟਵਰਕ ਵਿਕਸਤ ਕੀਤਾ ਹੈ, ਜਿਸ ਵਿੱਚ 158 ਮਾਰਕਿਟ ਕਮੇਟੀਆਂ, 152 ਮੁੱਖ ਯਾਰਡ, 285 ਸਬ-ਯਾਰਡ ਅਤੇ 1,485 ਸੀਜ਼ਨਲ ਖਰੀਦ ਕੇਂਦਰ ਸ਼ਾਮਲ ਹਨ। ਬੋਰਡ ਨੇ ਇਸ ਵਿਸ਼ਾਲ ਨੈੱਟਵਰਕ ਦੇ ਆਧੁਨਿਕੀਕਰਨ ਅਤੇ ਕਿਸਾਨਾਂ, ਮੰਡੀ ਨਾਲ ਜੁੜੇ ਲੋਕਾਂ ਲਈ ਇਸ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਨ ਵੱਲ ਕੰਮ ਕੀਤਾ ਹੈ।