ਭਾਰਤ ਵਿੱਚ ਉੱਲੀ ਦੀਆਂ 38 ਨਵੀਆਂ ਪ੍ਰਜਾਤੀਆਂ ਬਾਰੇ ਹੋਈ ਨਿਸ਼ਾਨਦੇਹੀ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਭਾਰਤ ਵਿੱਚ ਉੱਲੀ ਦੀਆਂ 38 ਨਵੀਆਂ ਪ੍ਰਜਾਤੀਆਂ ਬਾਰੇ ਹੋਈ ਨਿਸ਼ਾਨਦੇਹੀ : ਪੰਜਾਬੀ ਯੂਨੀਵਰਸਿਟੀ ਦੀ ਖੋਜ

-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚੋਂ ਇਕੱਠੇ ਕੀਤੇ ਸਨ 260 ਨਮੂਨੇ

-ਮੈਡੀਕਲ/ਇਲਾਜ ਖੇਤਰ ਲਈ ਲਾਹੇਵੰਦ ਹੋਵੇਗੀ ਖੋਜ

ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਹੋਈ ਇੱਕ ਤਾਜ਼ਾ ਖੋਜ ਅਨੁਸਾਰ ਭਾਰਤ ਵਿੱਚ ਲੱਕੜ ਨਾਲ ਸੰਬੰਧਿਤ ਉੱਲੀ ਦੀਆਂ 38 ਨਵੀਆਂ ਪ੍ਰਜਾਤੀਆਂ ਹੋਣ ਬਾਰੇ ਤੱਥ ਸਾਹਮਣੇ ਆਏ ਹਨ। ਡਾ. ਅਵਨੀਤ ਪਾਲ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਈਲੂ ਰਾਮ ਵੱਲੋਂ ਇਹ ਖੋਜ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਅਧੀਨ ਪੈਂਦੇ ਖੇਤਰ ਵਿੱਚ ਲੱਕੜ ਨਾਲ ਸੰਬੰਧਿਤ ਕਾਰਟੀਸਿਓਡ ਅਤੇ ਪੋਰੋਇਡ (ਮੁਸਾਮਦਾਰ) ਉੱਲੀ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ।
ਖੋਜਾਰਥੀ ਈਲੂ ਰਾਮ ਨੇ ਦੱਸਿਆ ਕਿ ਇਸ ਖੋਜ ਦੌਰਾਨ ਸੰਬੰਧਤ ਖੇਤਰ ਦੀਆਂ ਵੱਖ-ਵੱਖ ਥਾਵਾਂ ਦਾ ਸਰਵੇਖਣ ਕਰਨ ਉਪਰੰਤ ਵੱਖ-ਵੱਖ ਸਮੇਂ ਉੱਥੇ ਦੌਰਾ ਕੀਤਾ ਗਿਆ। ਵੱਖ-ਵੱਖ ਥਾਵਾਂ ਤੋਂ ਉੱਲੀ ਦੀਆਂ ਵੱਖ-ਵੱਖ ਕਿਸਮਾਂ ਦੇ 260 ਨਮੂਨੇ ਇਕੱਠੇ ਕੀਤੇ ਗਏ। ਇਸ ਉਪਰੰਤ ਰਵਾਇਤੀ ਅਤੇ ਆਧੁਨਿਕੀ ਤਕਨੀਕਾਂ ਦੀ ਵਰਤੋਂ ਕਰ ਕੇ ਇਨ੍ਹਾਂ ਵੱਖ-ਵੱਖ ਕਿਸਮ ਦੀਆਂ ਉੱਲੀਆਂ ਦੀ ਪਛਾਣ ਜਾਂ ਨਿਸ਼ਾਨਦੇਹੀ ਦਾ ਕਾਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਕਨੀਕਾਂ ਦੇ ਅਧਾਰ ਉੱਤੇ ਇਨ੍ਹਾਂ ਇਕੱਤਰ ਕੀਤੇ ਨਮੂਨਿਆਂ ਵਿੱਚ ਕੁੱਲ 136 ਪ੍ਰਜਾਤੀਆਂ ਦੇ ਸ਼ਾਮਿਲ ਹੋਣ ਦੀ ਪਛਾਣ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਖੋਜ ਦੇ ਮਕਸਦ ਅਨੁਸਾਰ ਪਹਿਲਾਂ ਤੋਂ ਪਛਾਣੀਆਂ ਜਾਂਦੀਆਂ ਪ੍ਰਜਾਤੀਆਂ ਤੋਂ ਇਲਾਵਾ ਨਵੀਆਂ ਪ੍ਰਜਾਤੀਆਂ ਬਾਰੇ ਪਛਾਣ ਕਰਨ ਵਿੱਚ ਸਫਲ ਹੋਏ ਹਾਂ।
ਖੋਜ ਨਿਗਰਾਨ ਡਾ. ਅਵਨੀਤ ਪਾਲ ਸਿੰਘ ਨੇ ਕਿਹਾ ਕਿ ਖੋਜ ਨਤੀਜਿਆਂ ਵਿੱਚ ਇਹ ਸਾਹਮਣੇ ਆਇਆ ਕਿ ਇਨ੍ਹਾਂ ਇਕੱਤਰ ਕੀਤੀਆਂ ਪ੍ਰਜਾਤੀਆਂ ਵਿੱਚ ਉੱਲੀ ਦੇ ਸੱਤ ਜੀਨਸ ਅਜਿਹੇ ਸਨ ਜੋ ਭਾਰਤ ਲਈ ਨਵੇਂ ਸਨ ਭਾਵ ਪਹਿਲਾਂ ਇਨ੍ਹਾਂ ਦੇ ਇੱਥੇ ਹੋਣ ਬਾਰੇ ਨਿਸ਼ਾਨਦੇਹੀ ਨਹੀਂ ਹੋਈ ਸੀ। ਇਸ ਤੋਂ ਇਲਾਵਾ ਉੱਲੀ ਦਾ ਇੱਕ ਜੀਨਸ ਅਜਿਹਾ ਸਾਹਮਣੇ ਆਇਆ ਜੋ ਹਿਮਾਚਲ ਪ੍ਰਦੇਸ ਲਈ ਨਵਾਂ ਸੀ। ਖੋਜ ਵਿੱਚ ਇਨ੍ਹਾਂ ਜੀਨਸ ਦੇ ਅਧਾਰ ਉੱਤੇ ਭਾਰਤ ਵਿੱਚ ਪਹਿਲੀ ਵਾਰ 38 ਨਵੀਆਂ ਉੱਲੀ ਪ੍ਰਜਾਤੀਆਂ ਦੇ ਹੋਣ ਬਾਰੇ ਪੁਸ਼ਟੀ ਹੋਈ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ 11 ਨਵੀਆਂ ਪ੍ਰਜਾਤੀਆਂ ਹੋਣ ਬਾਰੇ ਨਿਸ਼ਾਨਦੇਹੀ ਹੋਈ ਹੈ। ਡਾ. ਅਵਨੀਤ ਪਾਲ ਸਿੰਘ ਨੇ ਦੱਸਿਆ ਕਿ ਇਹ ਖੋਜ ਜਿੱਥੇ ਬਨਸਪਤੀ ਵਿਗਿਆਨ ਦੇ ਖੇਤਰ ਵਿੱਚ ਹੋਰ ਅਗਲੇਰੇ ਪੱਧਰ ਦੀਆਂ ਖੋਜਾਂ ਦਾ ਅਧਾਰ ਬਣੇਗੀ ਉੱਥੇ ਹੀ ਇਸ ਦੀ ਮੈਡੀਕਲ ਜਾਂ ਇਲਾਜ ਪੱਧਤੀਆਂ ਦੇ ਖੇਤਰ ਵਿੱਚ ਵਿਸ਼ੇਸ਼ ਅਹਿਮੀਅਤ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਬਾਰੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਅਜਿਹੀਆਂ ਉੱਚ ਪਾਏ ਦੀਆਂ ਖੋਜਾਂ ਸਾਹਮਣੇ ਆਉਣ ਨਾਲ ਪੰਜਾਬੀ ਯੂਨੀਵਰਸਿਟੀ ਦੇ ਵੱਕਾਰ ਵਿੱਚ ਹੋਰ ਵੀ ਵਾਧਾ ਹੋਵੇਗਾ। ਖੋਜ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਵਿਗਿਆਨੀ ਹੋਣ ਦੇ ਨਾਤੇ ਵਧੇਰੇ ਸ਼ਿੱਦਤ ਨਾਲ਼ ਸਮਝ ਸਕਦੇ ਹਨ ਕਿ ਅਜਿਹੀਆਂ ਖੋਜਾਂ ਦਾ ਵਿਗਿਆਨ ਦੇ ਖੇਤਰ ਵਿੱਚ ਕਿੰਨਾ ਮਹੱਤਵ ਹੈ।

Leave a Comment

Your email address will not be published. Required fields are marked *

Scroll to Top