ਘਨੌਰ, 12 ਅਪ੍ਰੈਲ : ਯੂਨੀਵਰਸਿਟੀ ਕਾਲਜ ਘਨੌਰ ਵੱਲੋਂ ‘ਸਿਰਜਣਾ ਵੀਚਾਰ’ ਸਿਰਲੇਖ ਹੇਠ ਇਕ ਨਵੇਕਲਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀ ਮੈਗਜ਼ੀਨ ਵੀਚਾਰ ਦਾ ਦੂਜਾ ਅੰਕ ਵਿਦਿਆਰਥੀਆਂ ਲਈ ਜਾਰੀ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਲੇਖਕ, ਅਦਾਕਾਰ ਅਤੇ ਰੰਗ ਮੰਚ ਕਲਾਕਾਰ ਬਲਵਿੰਦਰ ਬੁਲਟ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾਕਟਰ ਗੁਰਲੀਨ ਆਲੂਵਾਲੀਆ ਨੇ ਕਿਹਾ ਕਿ ਇਸ ਮੈਗਜੀਨ ਨਾਲ ਵਿਦਿਆਰਥੀ ਵੱਧ ਤੋਂ ਵੱਧ ਪੁਸਤਕਾਂ ਨਾਲ ਅਤੇ ਸਿਰਜਣਾ ਨਾਲ ਜੁੜਨਗੇ ।
ਸਾਡੇ ਕੋਲ ਜੋ ਵੀ ਗਿਆਨ ਪੁੱਜਾ ਹੈ ਉਹ ਪਿਛਲੀਆਂ ਪੀੜੀਆਂ ਦੀਆਂ ਲਿਖਤਾਂ ਦੇ ਅਧਾਰ ਤੇ ਪੁੱਜਾ :- ਬਲਵਿੰਦਰ ਬੁਲਟ
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਕਾਲਜ ਦਾ ਮਕਸਦ ਹੈ ਕਿ ਨੌਜਵਾਨਾਂ ਨੂੰ ਚੰਗੀਆਂ ਕਦਰਾਂ ਕੀਮਤਾਂ ਨਾਲ ਜੋੜਿਆ ਜਾਵੇ। ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਰਵਿੰਦਰ ਸਿੰਘ ਘੁੰਮਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਬਾਣੀ ਵਿੱਚ ‘ਵੀਚਾਰ’ ਸ਼ਬਦ ਕਈ ਸ਼ਬਦ ਜੋੜਾਂ ਨਾਲ ਆਉਂਦਾ ਹੈ ਅਤੇ ਇਸ ਦੇ ਵੱਖਰੇ ਵੱਖਰੇ ਅਰਥ ਹਨ । ਇਸ ਮੈਗਜੀਨ ਦਾ ਟਾਈਟਲ ਵੀਚਾਰ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਹੈ । ਵੀਚਾਰ ਦਾ ਅਰਥ ਹੈ ਵਿਚਾਰ ਕਰਨਾ ਅਤੇ ਆਪਣਾ ਵਿਚਾਰ ਰੱਖਣਾ । ਉਹਨਾਂ ਕਿਹਾ ਕਿ ਕਾਲਜ ਪੰਜਾਬੀ ਯੂਨੀਵਰਸਿਟੀ ਦੀ ਧੁਨੀ ਵਿਦਿਆ ਵਿਚਾਰੀ ਤੇ ਪਰਉਪਕਾਰੀ ਦੇ ਅਨੁਸਾਰ ਚੱਲਦਾ ਹੈ। ਉਹਨਾਂ ਇਹ ਵੀ ਕਿਹਾ ਕਿ ਨਵੀਂ ਪੀੜੀ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਇਹਨਾਂ ਤਿੰਨਾਂ ਭਾਸ਼ਾਵਾਂ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਅਸਮਰਥ ਲੱਗਦੀ ਹੈ। ਇਹ ਸਥਿਤੀ ਭਾਸ਼ਾਈ ਅਪੰਗਤਾ ਵਾਲੀ ਹੈ ਜਿਸ ਵਿੱਚੋਂ ਅਨੇਕਾਂ ਸੱਭਿਆਚਾਰਕ ਸੰਕਟ ਪੈਦਾ ਹੁੰਦੇ ਹਨ ।
ਕਾਲਜ ਦੇ ਲੇਖਕ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ
ਇਸ ਮੌਕੇ ਕਾਲਜ ਦੇ ਲੇਖਕ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਇਹਨਾਂ ਵਿੱਚ ਮਨਪ੍ਰੀਤ ਕੌਰ, ਗਰੀਮਾ, ਕੋਮਲ, ਇੰਦਰਜੀਤ ਸਿੰਘ, ਜੋਰਾਵਰ ਸਿੰਘ, ਚਨਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਮਨਦੀਪ ਸ਼ਰਮਾ ਆਦਿ ਪ੍ਰਮੁੱਖ ਹਨ ।ਸਮਾਗਮ ਦੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਰੋਟੀ ਕੱਪੜਾ ਤੇ ਮਕਾਨ ਮਨੁੱਖ ਦੀ ਲੋੜ ਹੈ ਉਸੇ ਤਰ੍ਹਾਂ ਆਪਣੇ ਆਪ ਦੀ ਕਹਾਣੀ ਕਹਿਣਾ ਵੀ ਮਨੁੱਖ ਦੀ ਲੋੜ ਹੈ, ਇਸ ਲਈ ਵਿਦਿਆਰਥੀਆਂ ਨੂੰ ਲੋੜ ਹੈ ਕਿ ਉਹ ਆਪਣੇ ਆਪ ਨੂੰ ਅਤੇ ਆਪਣੇ ਸਮਾਜ ਨੂੰ ਸਮਝਣ ਤੇ ਕਿਸੇ ਵੀ ਮਾਧਿਅਮ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨ। ਸਾਡੇ ਕੋਲ ਹੁਣ ਤੱਕ ਜੋ ਵੀ ਗਿਆਨ ਪੁੱਜਾ ਹੈ ਉਹ ਪਿਛਲੀਆਂ ਪੀੜੀਆਂ ਦੀਆਂ ਲਿਖਤਾਂ ਦੇ ਅਧਾਰ ਤੇ ਪੁੱਜਾ ਹੈ। ਸ਼ਬਦ ਦੀ ਲਿਖਤ ਰਾਹੀਂ ਹੀ ਮਨੁੱਖੀ ਸਭਿਅਤਾ ਨੇ ਹੁਣ ਤੱਕ ਵਿਕਾਸ ਕੀਤਾ ਹੈ । ਇਹਨਾਂ ਪ੍ਰੇਰਨਾਦਾਇਕ ਸ਼ਬਦਾਂ ਨਾਲ ਉਹਨਾਂ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਅਤੇ ਸਿਰਜਣਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ। ਡਾਕਟਰ ਰਵਿੰਦਰ ਸਿੰਘ ਰਵੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਕਾਲਜ ਨੇ ਪਿਛਲੇ 14 ਸਾਲਾਂ ਵਿੱਚ ਅਨੇਕਾਂ ਹੋਣਹਾਰ ਵਿਦਿਆਰਥੀ ਪੈਦਾ ਕੀਤੇ ਹਨ ਅਤੇ ਇਹ ਇਲਾਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਦੇ ਰਿਹਾ ਹੈ ।
ਸਾਡਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਕਲਾਸ ਰੂਮ ਸਿੱਖਿਆ ਦੇ ਨਾਲ ਨਾਲ ਹੋਰ ਮੰਚ ਵੀ ਪ੍ਰਦਾਨ ਕੀਤੇ ਜਾਣ : ਪ੍ਰਿੰਸੀਪਲ
ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਕਲਾਸ ਰੂਮ ਸਿੱਖਿਆ ਦੇ ਨਾਲ ਨਾਲ ਹੋਰ ਮੰਚ ਵੀ ਪ੍ਰਦਾਨ ਕੀਤੇ ਜਾਣ ਤਾਂ ਜੋ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ ਅਤੇ ਉਹ ਇਹ ਜਾਣ ਸਕਣ ਕਿ ਸਿੱਖਿਆ ਦਾ ਮਤਲਬ ਸਿਰਫ ਡਿਗਰੀ ਲੈਣਾ ਨਹੀਂ ਸਗੋਂ ਜ਼ਿੰਦਗੀ ਦੇ ਵੱਖ ਵੱਖ ਸੋਭਿਆਂ ਨੂੰ ਰੱਜ ਕੇ ਜਿਉਣਾ ਹੈ। ਇਸ ਮੌਕੇ ਵੀਚਾਰ ਮੈਗਜ਼ੀਨ ਦਾ ਸਾਰਾ ਸੰਪਾਦਕੀ ਬੋਰਡ ਜਿਨਾਂ ਵਿੱਚ ਡਾਕਟਰ ਅਨੂਜੋਤ ਸਿੰਘ ਸੋਨੀ, ਡਾਕਟਰ ਪਦਮਨੀ ਤੋਮਰ, ਡਾਕਟਰ ਊਸ਼ਾ ਗੁਪਤਾ ਤੋਂ ਬਿਨਾਂ ਡਾਕਟਰ ਰਚਨਾ ਅਰੋੜਾ, ਪ੍ਰੋਫੈਸਰ ਗੁਰਵਿੰਦਰ ਸਿੰਘ, ਡਾਕਟਰ ਜਸਵਿੰਦਰ ਕੌਰ ਵੀ ਹਾਜ਼ਰ ਰਹੇ ਸਮਾਗਮ ਦਾ ਮੰਚ ਸੰਚਾਲਨ ਕਾਲਜ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਹਰਮਨਦੀਪ ਸ਼ਰਮਾ ਨੇ ਬਾਖੂਬੀ ਕੀਤਾ ।