ਪੰਜਾਬੀ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਅੰਤਰ-ਰਾਸ਼ਟਰੀ ਮਹਿਲਾ ਦਿਵਸ
ਪ੍ਰੋ. ਮੁਲਤਾਨੀ ਵਲੋਂ ਔਰਤਾਂ ਦੀ ਸਿੱਖਿਆ, ਆਰਥਿਕ ਅਜ਼ਾਦੀ ਅਤੇ ਫੈਸਲੇ ਲੈਣ ਦੀ ਸਮਰਥਾ ਵਿੱਚ ਵਾਧੇ ਦੀ ਮਹੱਤਤਾ ਉਤੇ ਜ਼ੋਰ
ਪਟਿਆਲਾ 7 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਖੇਡ ਵਿਭਾਗ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ (ਐੱਂਨ. ਆਈ. ਐੱਸ.) ਪਟਿਆਲਾ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਮੌਕੇ ਦਿੱਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਔਰਤਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸ਼ਕਤੀਕਰਨ ਦੇ ਵੱਖ-ਵੱਖ ਪੱਖਾਂ ਉੱਤੇ ਆਪਣੇ ਵਿਚਾਰ ਪ੍ਰਗਟਾਏ । ਉਨ੍ਹਾਂ ਔਰਤਾਂ ਦੀ ਸਿੱਖਿਆ, ਆਰਥਿਕ ਅਜ਼ਾਦੀ ਅਤੇ ਫੈਸਲੇ ਲੈਣ ਦੀ ਸਮਰਥਾ ਵਿੱਚ ਵਾਧੇ ਦੀ ਮਹੱਤਤਾ ਉਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੱਖ ਵੱਖ ਪੱਖਾਂ ਤੋਂ ਵਿਕਾਸ ਨਾਲ ਹੀ ਸਮਾਜ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ । ਐੱਨ. ਆਈ. ਐੱਸ. ਪਟਿਆਲਾ ਤੋਂ ਪੁੱਜੇ ਵਿਸ਼ੇਸ਼ ਮਹਿਮਾਨ ਮਿਸ. ਮੀਨਲ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਸਬੰਧੀ ਜਾਗਰੂਕ ਕਰਵਾਉਂਦਿਆਂ ਇਸ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ । ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਮਹਿਮਾਨਾਂ ਨੂੰ ਕੇਂਦਰ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸਬੰਧ ਵਿਚ ਕਰਵਾਈਆਂ ਜਾਂ ਰਹੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ । ਪ੍ਰੋਗਰਾਮ ਦੇ ਆਰੰਭ ਵਿਚ ਡਾ. ਸੁਖਵਿੰਦਰ ਸਿੰਘ ਨੇ ਇਸ ਸਾਲ ਦੇ ਮਹਿਲਾਵਾਂ ਸਬੰਧੀ ਯੂ.ਐੱਨ. ਪ੍ਰਸੰਗ ਤੋਂ ਜਾਣੂ ਕਰਵਾਇਆ ।