ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤ੍ਰਿਪੜੀ ਦੇ ਓਟ ਕਲੀਨਿਕ ਦਾ ਅਚਨਚੇਤ ਲਿਆ ਜਾਇਜ਼ਾ

ਯੁੱਧ ਨਸ਼ਿਆਂ ਵਿਰੁੱਧ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤ੍ਰਿਪੜੀ ਦੇ ਓਟ ਕਲੀਨਿਕ ਦਾ ਅਚਨਚੇਤ ਲਿਆ ਜਾਇਜ਼ਾ
-ਮਰੀਜ਼ਾਂ ਨਾਲ ਕੀਤੀ ਗੱਲਬਾਤ, ਡਾਕਟਰ ਤੇ ਕਾਉਂਸਲਰ ਤੋਂ ਵੀ ਪ੍ਰਾਪਤ ਕੀਤੀ ਫੀਡ ਬੈਕ
-ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਤੇ ਪੁਨਰ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ : ਡਾ. ਪ੍ਰੀਤੀ ਯਾਦਵ
-ਕਿਹਾ, ਗਲਤ ਸੰਗਤ ‘ਚ ਪਏ ਵਿਅਕਤੀਆਂ ਨੂੰ ਸੁਧਰਨ ਦਾ ਮੌਕਾ ਦੇਣ ਲਈ ਸਮਾਜ ਵੀ ਹੱਥ ਫੜਨ ਲਈ ਅੱਗੇ ਆਵੇ
ਪਟਿਆਲਾ, 6 ਮਾਰਚ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਕਮਿਊਨਿਟੀ ਹੈਲਥ ਸੈਂਟਰ, ਤ੍ਰਿਪੜੀ ਵਿਖੇ ਬਣੇ ਓਟ ਕਲੀਨਿਕ ਦਾ ਦੌਰਾ ਕੀਤਾ ਅਤੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਰੀਜ਼ਾਂ ਨੂੰ ਮਿਲ ਰਹੀ ਦਵਾਈ ਸਬੰਧੀ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਉਨ੍ਹਾਂ ਇਥੇ ਤਾਇਨਾਤ ਡਾਕਟਰ ਤੇ ਕਾਉਂਸਲਰ ਤੋਂ ਵੀ ਦਵਾਈਆਂ ਤੇ ਹੋਰ ਲੋੜੀਂਦੇ ਸਾਮਾਨ ਸਬੰਧੀ ਫੀਡ ਬੈਕ ਹਾਸਲ ਕੀਤੀ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰਾਂ ਤੇ ਓਟ ਕਲੀਨਿਕਾਂ ਦਾ ਦੌਰਾ ਕਰਕੇ ਮਰੀਜ਼ਾਂ ਤੇ ਸਟਾਫ਼ ਪਾਸੋਂ ਫੀਡ ਬੈਕ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤ੍ਰਿਪੜੀ ਓਟ ਕਲੀਨਿਕ ਵਿੱਚ ਦਵਾਈ ਲੈਣ ਆਏ ਨਸ਼ਾ ਛੱਡ ਰਹੇ ਮਰੀਜ਼ਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਦਵਾਈ ਲੈਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੈ ਤੇ ਸਟਾਫ਼ ਵੱਲੋਂ ਵੀ ਸਮੇਂ ਸਮੇਂ ‘ਤੇ ਕਾਉਂਸਲਿੰਗ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਤੇ ਪੁਨਰ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਦੌਰਾਨ ਹੀ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਹੈ, ਜਿਸ ਸਦਕਾ ਉਹ ਇਲਾਜ ਤੋਂ ਬਾਅਦ ਸਵੈ ਰੋਜ਼ਗਾਰ ਕਰਨ ਦੇ ਕਾਬਲ ਹੋ ਸਕਦੇ ਹਨ ਤੇ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋਣ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ । ਉਨ੍ਹਾਂ ਕਿਹਾ ਕਿ ਗਲਤ ਸੰਗਤ ‘ਚ ਪਏ ਵਿਅਕਤੀਆਂ ਨੂੰ ਸੁਧਰਨ ਦਾ ਮੌਕਾ ਦੇਣ ਲਈ ਸਮਾਜ ਵੀ ਉਨ੍ਹਾਂ ਦਾ ਹੱਥ ਫੜਨ ਲਈ ਅੱਗੇ ਆਵੇ ਤਾਂ ਜੋ ਉਹ ਆਪ ਸਵੈ ਮਾਣ ਨਾਲ ਸਮਾਜ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਚੱਲ ਰਹੇ ਹੋਮਿਓਪੈਥਿਕ ਕਲੀਨਿਕ ਦਾ ਦੌਰਾ ਵੀ ਕੀਤਾ ।

Leave a Comment

Your email address will not be published. Required fields are marked *

Scroll to Top