ਸੱਜਣ ਕੁਮਾਰ ਖ਼ਿਲਾਫ਼ ਦੋ ਮਾਮਲਿਆਂ ’ਚ ਸਜ਼ਾ ਉਮਰ ਕੈਦ ਦਾ ਫ਼ੈਸਲਾ ਨਾ ਕਾਫ਼ੀ : ਪ੍ਰੋ ਕਿਰਪਾਲ ਸਿੰਘ ਬਡੂੰਗਰ
ਸਿੱਖ ਕਤਲੇਆਮ ਮਾਮਲੇ ’ਚ ਟਾਈਟਲਰ ਤੇ ਕਮਲ ਨਾਥ ਵੀ ਸ਼ਾਮਲ
ਪਟਿਆਲਾ 26 ਫਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਦੀ ਰਾਊਜ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿਚ ਕਾਂਗਰਸ ਦੇ ਸਾਬਕਾ ਸਾਂਸਦ ਸੱਜਣ ਕੁਮਾਰ ਖ਼ਿਲਾਫ਼ ਦੋ ਮਾਮਲਿਆਂ ਵਿਚ ਸੁਣਾਈ ਗਈ ਸਜ਼ਾ ਸਵਾਗਤ ਯੋਗ ਫ਼ੈਸਲਾ ਹੈ, ਪ੍ਰੰਤੂ ਸੱਜਣ ਕੁਮਾਰ ਲਈ ਸਜ਼ਾ ਉਮਰ ਕੈਦ ਕਾਫ਼ੀ ਨਹੀਂ ਹੈ । ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕਤਲੇਆਮ ਇਸ ਕਰਕੇ ਕੀਤਾ ਕਿ ਸਿੱਖ ਕੌਮ ਅਤੇ ਸਿੱਖ ਨਸਲਕੁਸ਼ੀ ਕੀਤੀ ਜਾ ਸਕੇ, ਪ੍ਰੰਤੂ ਅੱਜ ਤੱਕ ਬਹੁਤ ਸਾਰੀਆਂ ਧਿਰਾਂ ਸਿੱਖ ਕਤਲੇਆਮ ਮਾਮਲਿਆਂ ਨੂੰ ਲੈ ਕੇ ਅਦਾਲਤਾਂ ਤੱਕ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਸਰਸਵਤੀ ਵਿਹਾਰ ਵਿਚ ਰਹਿੰਦੇ ਜਸਵੰਤ ਸਿੰਘ ਅਤੇ ਸਪੁੱਤਰ ਅਰੁਣਦੀਪ ਸਿੰਘ ਦੀ ਹੱਤਿਆ ਕੀਤੀ ਅਤੇ ਘਰ ਨੂੰ ਜਿਉਂ ਦਾ ਸਾੜਿਆ ਗਿਆ ਸੀ ਅਤੇ ਉਮਰ ਕੈਦ ਦਾ ਫ਼ੈਸਲਾ ਸੱਜਣ ਕੁਮਾਰ ਨੂੰ ਫਾਂਸੀ ਤੋਂ ਬਚਾਉਣ ਵਾਲਾ ਫ਼ੈਸਲਾ ਹੈ, ਜਦਕਿ ਸਿੱਖ ਮਿਸਾਲ ਸਜ਼ਾ ਦੀ ਮੰਗ ਕਰਦੇ ਆ ਰਹੇ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸ ਦੇ ਹੋਰ ਕਈ ਵੱਡੇ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਸ਼ਾਮਲ ਦੱਸੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਅਕਸਰ ਹੀ ਅਦਾਲਤਾਂ ਵਿਚ ਬਚਾਅ ਪੱਖ ਦੀਆਂ ਦਲੀਲਾਂ ਨਾਲ ਜੱਜ ਸਾਹਿਬਾਨ ਸਹਿਮਤ ਹੋ ਜਾਂਦੇ ਹਨ, ਪ੍ਰੰਤੂ ਪੀੜਤ ਧਿਰ ਦੀਆਂ ਭਾਵਨਾਵਾਂ ਨੂੰ ਵੀ ਸਮਝਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਮਾਮਲੇ ਵਿਚ 42 ਸਾਲਾਂ ਬਾਅਦ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਸੁਣਾਈ ਗਈ, ਪ੍ਰੰਤੂ ਅੱਜ ਵੀ ਪੀੜਤ ਧਿਰ ਉਮਰ ਕੈਦ ਦੇ ਫ਼ੈਸਲੇ ਤੋਂ ਸੰਤੁਸ਼ਟ ਨਜ਼ਰ ਆ ਰਹੀਆਂ ਹਨ, ਜਦਕਿ ਅਦਾਲਤਾਂ ਨੂੰ ਮਿਸਾਲੀ ਸਜ਼ਾਵਾਂ ਦੇ ਕੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਫ਼ੈਸਲਾ ਤੇ ਕਦਮ ਚੁੱਕਣਾ ਚਾਹੀਦਾ ਹੈ ।