ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਭਾਰਤ ਦਾ ਰਾਸ਼ਟਰੀ ਅੰਦੋਲਨ ਅਤੇ ਸੰਵਿਧਾਨਕ ਵਿਕਾਸ’ ਵਿਸ਼ੇ ਉੱਤੇ ਕੁਇਜ ਮੁਕਾਬਲੇ ਦਾ ਆਯੋਜਨ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਰਾਜਨੀਤਿਕ ਵਿਗਿਆਨ ਵਿਭਾਗ ਅਤੇ ਸ਼ੋਸ਼ਲ ਸਾਇੰਸਜ ਵਿਭਾਗ ਵੱਲੋ ‘ਭਾਰਤ ਦਾ ਰਾਸ਼ਟਰੀ ਅੰਦੋਲਨ ਅਤੇ ਸੰਵਿਧਾਨਕ ਵਿਕਾਸ’ ਵਿਸ਼ੇ ਉੱਤੇ ਅੰਤਰ ਕਲਾਸ ਕੁਇਜ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾਂ ਦੀਆਂ ਟੀਮਾਂ ਨੇ ਉਤਸਾਹਪੂਰਵਕ ਭਾਗ ਲਿਆ । ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਕਾਲਜ ਵਿਦਿਆਰਥੀਆ ਦੀ ਆਮ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ ਕਰਵਾਏ ਇਸ ਪ੍ਰੋਗਰਾਮ ਲਈ ਵਿਭਾਗ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਵਿਦਿਆਰਥੀਆਂ ਦੀ ਪੜਾਈ ਵਿੱਚ ਦਿਲਚਸਪੀ ਵਧਾਉਣਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਹੈ ਅਤੇ ਇਹ ਤਾਂ ਹੀ ਸੰਭਵ ਹੋਵੇਗੀ ਜੇਕਰ ਉਹਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਰਾਜਨੀਤਿਕ ਵਿਗਿਆਨ ਵਿਭਾਗ ਮੁਖੀ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨਕ ਵਿਕਾਸ ਬਾਰੇ ਜਾਣੂ ਕਰਵਾਉਣਾ ਹੈ। ਉਹਨਾਂ ਇਸ ਮੌਕੇ ਭਾਰਤ ਦੇ ਅਜ਼ਾਦੀ ਅੰਦੋਲਨ ਵਿੱਚ ਪੰਜਾਬੀਆ ਦੇ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਵੀ ਕੀਤਾ । ਇਸ ਮੁਕਾਬਲੇ ਵਿੱਚ ਬੀ. ਏ. ਸ਼ੋਸ਼ਲ ਸਾਇੰਸ ਭਾਗ ਦੂਜਾ ਨੇ ਪਹਿਲਾ, ਬੀ. ਏ. ਸ਼ੋਸ਼ਲ ਸਾਇੰਸ ਭਾਗ ਤੀਜਾ ਨੇ ਦੂਜਾ ਅਤੇ ਬੀ. ਏ. ਸ਼ੋਸ਼ਲ ਸਾਇੰਸ ਭਾਗ ਪਹਿਲਾ ਨੇ ਤੀਜਾ ਸਥਾਨ ਹਾਸਿਲ ਕੀਤਾ । ਇਸ ਪ੍ਰੋਗਰਾਮ ਦੌਰਾਨ ਕੁਇਜ ਮਾਸਟਰ ਦੀ ਭੂਮਿਕਾ ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਹਰਮਨਪ੍ਰੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਪ੍ਰੋ. ਸੰਦੀਪ ਕੌਰ, ਡਾ. ਉਪਸਨਾ ਗਰਗ ਅਤੇ ਵੱਡੀ ਗਿਣਤੀ ਵਿੱਚ ਵਿਭਾਗ ਦੇ ਵਿਦਿਆਰਥੀ ਵੀ ਹਾਜ਼ਰ ਸਨ ।