ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ

ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ
-ਜ਼ਿਲ੍ਹੇ ਦੇ ਲੋਕ ਝੰਡਾ ਦਿਵਸ ਫ਼ੰਡ ‘ਚ ਦਿਲ ਖੋਲ੍ਹ ਕੇ ਯੋਗਦਾਨ ਦੇਣ : ਇਸ਼ਾ ਸਿੰਗਲ
-ਝੰਡਾ ਦਿਵਸ ਫ਼ੰਡ ਦੀ ਵਰਤੋਂ ਸਾਬਕਾ ਸੈਨਿਕਾਂ/ਪਰਿਵਾਰਾਂ ਦੀ ਆਰਥਿਕ ਮੱਦਦ ਲਈ ਕੀਤੀ ਜਾਂਦੀ ਹੈ
ਪਟਿਆਲਾ, 5 ਦਸੰਬਰ : ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੂੰ ਟੋਕਨ ਫਲੈਗ ਲਗਾਕੇ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ । ਉਨ੍ਹਾਂ ਇਸ ਮੌਕੇ ਦੇਸ਼ ਦੇ ਸੈਨਿਕਾਂ ਨਾਲ ਇਕੱਜੁਟਤਾ ਦਾ ਪ੍ਰਗਟਾਵਾ ਕਰਦਿਆਂ, ਝੰਡਾ ਦਿਵਸ ਲਈ ਵਿੱਤੀ ਯੋਗਦਾਨ ਵੀ ਦਿੱਤਾ । ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਸਮੁੱਚੇ ਦੇਸ਼ ਵਾਸੀ ਮਾਣ ਅਤੇ ਸਨਮਾਨ ਨਾਲ ਝੰਡਾ ਦਿਵਸ ਫ਼ੰਡ ਵਿੱਚ ਯੋਗਦਾਨ ਦੇ ਕੇ, ਦੇਸ਼ ਦੀ ਆਨ ਅਤੇ ਸ਼ਾਨ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਪ੍ਰਤੀ ਫ਼ੰਡ ਦੇ ਕੇ ਸਤਿਕਾਰ ਪ੍ਰਗਟ ਕਰਦੇ ਹਨ, ਉਸੇ ਤਰ੍ਹਾਂ ਅਸੀਂ ਜ਼ਿਲ੍ਹਾ ਵਾਸੀ ਵੀ ਇਸ ਮੌਕੇ ‘ਤੇ ਆਪਣੇ ਜਵਾਨਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਈਏ । ਉਨ੍ਹਾਂ ਕਿਹਾ ਕਿ ਝੰਡਾ ਦਿਵਸ ਲਈ ਇਕੱਤਰ ਕੀਤੀ ਜਾਂਦੀ ਰਾਸ਼ੀ ਸ਼ਹੀਦ/ ਡਿਊਟੀ ਜਾਂ ਸੈਨਿਕ ਅਪਰੇਸ਼ਨ ਦੌਰਾਨ ਅੰਗਹੀਣ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ । ਇਸ ਮੌਕੇ 9 ਸਾਬਕਾ ਸੈਨਿਕਾਂ/ਪਰਿਵਾਰਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ । ਇਸ ਮੌਕੇ ਜ਼ਿਲ੍ਹਾ ਸੈਨਿਕ ਬੋਰਡ ਦੇ ਵਾਈਸ ਪ੍ਰਧਾਨ ਕਰਨਲ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਦਿਨ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਸਤਿਕਾਰ ਮਾਣ, ਸਨਮਾਨ ਅਤੇ ਸੁਰੱਖਿਆ ਸੈਨਾਵਾਂ ਨਾਲ ਆਪਣੀ ਇੱਕਮੁਠਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ । ਇਸ ਦੌਰਾਨ ਪੂਰਾ ਦੇਸ਼ ਪੂਰੇ ਜ਼ੋਸ਼ ਅਤੇ ਮਾਣ ਨਾਲ ਝੰਡਾ ਦਿਵਸ ਫੰਡ ਵਿੱਚ ਹਿੱਸਾ ਪਾਉਂਦਾ ਹੈ ਅਤੇ ਸਮੂਹ ਦੇਸ਼ ਵਾਸੀ, ਬੱਚੇ ਤੇ ਬਜ਼ੁਰਗ ਟੋਕਨ ਫਲੈਗ ਲਗਾਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਦਾਨ ਦੇ ਕੇ ਧੰਨਵਾਦ ਪ੍ਰਗਟ ਕਰਦੇ ਹਨ । ਸਮਾਗਮ ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਸੁਪਰਡੈਂਟ ਸੁਖਵੰਤ ਸਿੰਘ ਸਮੇਤ ਸਾਬਕਾ ਸੈਨਿਕ, ਸੈਨਿਕਾਂ ਦੇ ਪਰਿਵਾਰ ਅਤੇ ਦਫ਼ਤਰ ਦਾ ਸਮੂਹ ਸਟਾਫ਼ ਮੌਜੂਦ ਸੀ ।

Leave a Comment

Your email address will not be published. Required fields are marked *

Scroll to Top