ਸਰਕਾਰ ਪੌਲੀਟੈਕਨਿਕ ਵਿਦਿਆਰਥੀਆਂ ਨੂੰ 4 ਮਹੀਨਿਆਂ ਦੀ ਉਦਯੋਗਿਕ ਇੰਟਰਨਸ਼ਿਪ ਦੌਰਾਨ 20,000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ : ਬੈਂਸ
ਚੰਡੀਗੜ੍ਹ; 11 ਨਵੰਬਰ 2026 : ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਵਿੱਤੀ ਤੰਗੀਆਂ ਕਾਰਨ ਵਿਦਿਆਰਥੀ ਆਪਣੇ ਕਰੀਅਰ ਨੂੰ ਬਣਾਉਣ ਲਈ ਲੋੜੀਂਦਾ ਉਦਯੋਗਿਕ ਤਜਰਬਾ ਹਾਸਲ ਕਰਨ ਤੋਂ ਵਾਂਝੇ ਨਾ ਰਹਿ ਜਾਣ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ, ਸਰਕਾਰ ਵੱਲੋਂ ਪੌਲੀਟੈਕਨਿਕ ਵਿਦਿਆਰਥੀਆਂ ਨੂੰ 4 ਮਹੀਨਿਆਂ ਦੀ ਉਦਯੋਗਿਕ ਇੰਟਰਨਸ਼ਿਪ ਦੌਰਾਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਵਿਹਾਰਕ ਹੁਨਰ ਸਿੱਖਣ ਅਤੇ ਰੁਜ਼ਗਾਰ ਹਾਸਲ ਕਰਨ ਦੇ ਯੋਗ ਬਣਨ ਵਿੱਚ ਮਦਦ ਮਿਲੇਗੀ।
ਇਸ ਪਹਿਲਕਦਮੀ ਤਹਿਤ, 1,700 ਵਿਦਿਆਰਥੀਆਂ ਨੂੰ 4 ਮਹੀਨਿਆਂ ਤੱਕ 5,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਅਤੇ ਇਸ ਸਬੰਧੀ ਪਰਿਵਾਰਕ ਆਮਦਨ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ। ਇਹ ਯੋਜਨਾ ਛੇ ਡਿਪਲੋਮਾ ਸਟ੍ਰੀਮਾਂ ਦੇ 2024-27 ਬੈਚ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਲਾਗੂ ਹੋਵੇਗੀ, ਜਿਸ ਨਾਲ ਉਹ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਉਦਯੋਗਿਕ ਖੇਤਰ ਦਾ ਵਿਹਾਰਕ ਤਜਰਬਾ ਹਾਸਲ ਕਰ ਸਕਣਗੇ।
ਇਸ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਨੌਜਵਾਨ ਕੋਲ ਆਪਣੀ ਸਿੱਖਿਆ ਨੂੰ ਇੱਕ ਸਾਰਥਕ ਕਰੀਅਰ ਵਿੱਚ ਬਦਲਣ ਦਾ ਮੌਕਾ ਹੋਣਾ ਚਾਹੀਦਾ ਹੈ। ‘ਪੰਜਾਬ ਸਿੱਖਿਆ ਕ੍ਰਾਂਤੀ’ ਰਾਹੀਂ, ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਸਰਕਾਰੀ ਸੰਸਥਾਵਾਂ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਹੀ ਨਾ ਦੇਣ, ਸਗੋਂ ਉਨ੍ਹਾਂ ਨੂੰ ਅਜਿਹੇ ਹੁਨਰ ਅਤੇ ਤਜਰਬੇ ਨਾਲ ਲੈਸ ਕਰਨ ਜੋ ਉਨ੍ਹਾਂ ਨੂੰ ਜੀਵਨ ਵਿੱਚ ਸਫਲ ਬਣਾਉਣ ਲਈ ਜ਼ਰੂਰੀ ਹਨ। ਪੰਜਾਬ ਵਿੱਚ ਪੌਲੀਟੈਕਨਿਕ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਇਹ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ, ਜੋ ਸਾਡੇ ਨੌਜਵਾਨਾਂ ਨੂੰ ਉਸ ਸਮੇਂ ਸਹਾਇਤਾ ਪ੍ਰਦਾਨ ਕਰਦੀ ਹੈ ਜਦੋਂ ਉਹ ਕਲਾਸਰੂਮ ਤੋਂ ਨਿਕਲ ਕੇ ਕੰਮਕਾਜੀ ਦੁਨੀਆ ਵਿੱਚ ਕਦਮ ਰੱਖਦੇ ਹਨ ਅਤੇ ਆਪਣਾ ਭਵਿੱਖ ਸਿਰਜਦੇ ਹਨ।”
ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਉਦਯੋਗਿਕ ਸਿਖਲਾਈ ਉਹ ਪੜਾਅ ਹੈ ਜਿੱਥੇ ਵਿਦਿਆਰਥੀ ਕਲਾਸਰੂਮ ਵਿੱਚ ਸਿੱਖੀਆਂ ਗੱਲਾਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ‘ਤੇ ਲਾਗੂ ਕਰਨਾ ਸ਼ੁਰੂ ਕਰਦੇ ਹਨ। ਇਸ ਦੌਰਾਨ 20,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਕੇ, ਅਸੀਂ ਵਿਦਿਆਰਥੀਆਂ ਦੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਵਿਹਾਰਕ ਤਜਰਬਾ ਹਾਸਲ ਕਰ ਸਕਣ, ਉਦਯੋਗਿਕ ਮਾਹਿਰਾਂ ਤੋਂ ਹੁਨਰ ਸਿੱਖ ਸਕਣ ਅਤੇ ਰੁਜ਼ਗਾਰ ਲਈ ਤਿਆਰ ਹੋ ਸਕਣ। ਸਾਡਾ ਉਦੇਸ਼ ਤਕਨੀਕੀ ਸਿੱਖਿਆ ਨੂੰ ਵਧੇਰੇ ਵਿਹਾਰਕ, ਉਦਯੋਗ-ਮੁਖੀ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ ਉਮੀਦਾਂ ਦੇ ਅਨੁਕੂਲ ਬਣਾਉਣਾ ਹੈ।”
*ਵਿੱਤੀ ਸਹਾਇਤਾ ਮੈਨੂੰ ਵਿਹਾਰਕ ਸਿਖਲਾਈ ਅਤੇ ਕਰੀਅਰ ਲਈ ਤਿਆਰੀ ਵੱਲ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰੇਗੀ: ਪੌਲੀਟੈਕਨਿਕ ਵਿਦਿਆਰਥੀ*
ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ (ਖੂਨੀਮਾਜਰਾ) ਦੇ ਇੱਕ ਵਿਦਿਆਰਥੀ ਨੇ ਕਿਹਾ: “ਇਹ ਵਿੱਤੀ ਸਹਾਇਤਾ ਮੇਰੀ ਉਦਯੋਗਿਕ ਸਿਖਲਾਈ ਦੌਰਾਨ ਮੇਰੇ ਲਈ ਬਹੁਤ ਵੱਡਾ ਸਹਾਰਾ ਬਣੇਗੀ। ਇਸ ਨਾਲ ਮੈਨੂੰ ਆਪਣੇ ਕੁਝ ਖਰਚਿਆਂ ਦਾ ਪ੍ਰਬੰਧ ਕਰਨ ਵਿੱਚ ਮਦਦ ਮਿਲੇਗੀ ਅਤੇ ਮੈਂ ਨਵੇਂ ਹੁਨਰ ਸਿੱਖਣ, ਵਿਹਾਰਕ ਤਜਰਬਾ ਹਾਸਲ ਕਰਨ ਅਤੇ ਇਹ ਸਮਝਣ ‘ਤੇ ਧਿਆਨ ਕੇਂਦਰਿਤ ਕਰ ਸਕਾਂਗਾ ਕਿ ਉਦਯੋਗਾਂ ਵਿੱਚ ਕੰਮ ਕਿਵੇਂ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਇਹ ਤਜਰਬਾ ਮੈਨੂੰ ਬਿਹਤਰ ਕਰੀਅਰ ਸਿਰਜਣ ਵਿੱਚ ਮਦਦ ਕਰੇਗਾ।”