ਸਿੱਖ ਗੁਰੂਆਂ ਦਾ ਇਤਿਹਾਸ ਵਿਸ਼ੇ ਨੂੰ ਲਾਗੂ ਕਰਨ ਲਈ ਸਿੱਖ ਮਾਹਿਰਾਂ ਦਾ ਪੈਨਲ ਵੀ ਤਿਆਰ ਹੋਵੇ: ਪ੍ਰੋ. ਬਡੂੰਗਰ

ਪਟਿਆਲਾ 12 ਜੂਨ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਰਿਆਣਾ ਸਰਕਾਰ ਵੱਲੋਂ ਸਕੂਲਾਂ ਵਿਚ ਸਿੱਖ ਗੁਰੂਆਂ ਦਾ ਇਤਿਹਾਸ ਪੜਾਏ ਜਾਣ ਦੀ ਸ਼ਲਾਘਾ ਕੀਤੀ ਹੈ, ਉਥੇ ਹੀ ਮੰਗ ਕੀਤੀ ਹੈ ਕਿ ਸਿੱਖ ਗੁਰੂਆਂ ਦਾ ਇਤਿਹਾਸ ਵਿਸ਼ੇ ਨੂੰ ਲਾਗੂ ਕਰਨ ਲਈ ਸਿੱਖ ਮਾਹਿਰਾਂ ਦਾ ਪੈਨਲ ਵੀ ਹਰਿਆਣਾ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਅਕਸਰ ਹੀ ਵੇਖਣ ਵਿਚ ਆਇਆ ਕਿ ਸੀਬੀਐਸਸੀ ਸਿਲੇਬਸਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ, ਜਿਸ ਕਾਰਨ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਆਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਅਜੌਕੀ ਪੀੜੀ ਨੂੰ ਸਿੱਖ ਇਤਿਹਾਸ ਤੋਂ ਵਾਕਫ ਕਰਵਾਉਣ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ।

ਪ੍ਰੋ. ਬਡੂੰਗਰ ਨੇ ਮੰਗ ਕਰਦਿਆਂ ਕਿਹਾ ਕਿ ਜੇ ਹਰਿਆਣਾ ਸਰਕਾਰ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਹਰਿਆਣਾ ਦੇ ਸਕੂਲਾਂ ਵਿਚ ਲਾਗੂ ਕਰਨ ਜਾ ਰਹੀ ਹੈ ਤਾਂ ਇਸ ਦੇ ਇਹ ਉਪਰਾਲਾ ਵੀ ਕੀਤਾ ਜਾਵੇ ਕਿ ਸਿੱਖ ਮਾਹਿਰਾਂ ਅਤੇ ਸਿੱਖ ਬੁੱਧਜੀਵੀ ਪੈਨਲ ਤਿਆਰ ਕਰਕੇ ਅਜਿਹਾ ਖਰੜਾ ਵੀ ਤਿਆਰ ਕਰਵਾਏ ਤਾਂ ਕਿ ਸਕੂਲੀ ਬੱਚਿਆਂ ਨੂੰ ਸਿੱਖ ਕੌਮ ਅੰਦਰਲੀਆਂ ਇਤਿਹਾਸ ਨਾਲ ਜੁੜੀਆਂ ਘਟਨਾਵਾਂ, ਜੰਗਾਂ ਅਤੇ ਗੁਰੂਆਂ ਦੇ ਫਲਸਫੇ ਨਾਲ ਅਸਲ ਅਰਥਾਂ ਵਿਚ ਜੋੜਿਆ ਜਾ ਸਕੇ।

Scroll to Top