ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਖੇ ਕੀਤੀਆਂ ਗਈਆਂ ਡਰਾਈ ਡੇਅ ਗਤੀਵਿਧੀਆਂ
ਪਟਿਆਲਾ 17 ਜੁਲਾਈ – ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜਿਲ੍ਹੇ ਵਿੱਚ ਸਰਾਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅਤੇ ਦਫਤਰਾਂ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਸਰਕਾਰੀ ਆਯੁਰਵੇਦਿਕ ਕਾਲਜ, ਸਰਕਾਰੀ ਮੈਡੀਕਲ ਕਾਲਜ, ਮਾਤਾ ਕੁਸ਼ੱਲਿਆ ਹਸਪਤਾਲ, ਵਰਧਮਾਨ ਹਸਪਤਾਲ, ਦਫਤਰ ਜਿਲ੍ਹਾ ਪ੍ਰੀਸ਼ਦ, ਦਫਤਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਦਫਤਰ ਮਾਰਕਫੇਡ ਆਦਿ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਮਿਲਿਆ ਲਾਰਵਾ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ।
ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬਰਸਾਤੀ ਮੌਸਮ ਦੇ ਸ਼ੁਰੂ ਹੋਣ ਕਰਕੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਰਸਿੰਗ ਵਿਦਿਆਰਥੀਆਂ, ਆਸ਼ਾ ਵਰਕਰਾਂ, ਵਿਲੇਜ ਹੈਲਥ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਿੱਥੇ ਕਿਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ ਉਸ ਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜ੍ਹੇ ਪਾਣੀ ਉੱਤੇ ਵੀ ਲਾਰਵੀਸਾਈਡ ਦਾ ਸਪਰੇਅ ਕੀਤਾ ਜਾ ਰਿਹਾ ਹੈ। ਉਹਨਾਂ ਤੇਜ਼ ਬੁਖਾਰ ਅਤੇ ਬਦਨ ਦਰਦ ਦੀ ਸ਼ਿਕਾਇਤ ਹੋਣ ਤੇ ਡੇਂਗੂ ਜਾਂਚ ਕਰਵਾਉਣ ਦੀ ਸਲਾਹ ਦਿੱਤੀ।
ਜਿਲ੍ਹਾ ਐਪੀਡੋਮੋਲੋਜਿਸਟ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਹਫਤੇ ਜਿਲ੍ਹੇ ਭਰ ਦੇ 50656 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 421 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 539190 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 2735 ਥਾਂਵਾ ਤੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਪਟਿਆਲਾ ਵਿੱਚ 4 ਡੇਂਗੂ ਦੇ ਕੇਸ ਮਿਲੇ ਹਨ।