ਪਟਿਆਲਾ 8 ਅਪ੍ਰੈਲ — ਵਿਸ਼ਵ ਸਿਹਤ ਦਿਵਸ ਮੌਕੇ ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ (ਰਜਿ.) ਪਟਿਆਲਾ ਵੱਲੋਂ ਉਪਕਾਰ ਸਿੰਘ ਦੀ ਅਗਵਾਈ ਹੇਠ ਨਹਿਰੂ ਪਾਰਕ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮੋਰਨਿੰਗ ਕਲੱਬ ਅਤੇ ਸੈਰ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹਿਰ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ, ਜਦਕਿ ਦੇਵ ਰਾਜ ਨੇ ਸਮਾਗਮ ਦੀ ਅਗਵਾਈ ਕੀਤੀ ਅਤੇ ਲਖਵਿੰਦਰ ਸਿੰਘ ਲੱਖਾ (ਸਾਬਕਾ ਡਿਪਟੀ ਡਾਇਰੈਕਟਰ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੋਰਨਿੰਗ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਬੂਕੇ ਭੇਂਟ ਕਰਕੇ ਕੀਤਾ ਗਿਆ।
ਮੇਅਰ ਕੁੰਦਨ ਗੋਗੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚੰਗੀ ਸਿਹਤ ਲਈ ਸਵੇਰੇ ਦੀ ਸੈਰ, ਯੋਗ ਅਤੇ ਕੁਦਰਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਾਹ ’ਤੇ ਨੰਗੇ ਪੈਰ ਤੁਰਨ, ਨਿਯਮਿਤ ਵਿਆਯਾਮ ਕਰਨ ਅਤੇ ਸਰੀਰਕ, ਮਾਨਸਿਕ ਤੇ ਸਮਾਜਿਕ ਸੰਤੁਲਨ ਬਣਾਈ ਰੱਖਣ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ।
ਉਪਕਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ਵਿੱਚ ਲੋਕ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਚਿੰਤਾ ਜਤਾਈ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਬਿਮਾਰੀਆਂ ਵਧ ਰਹੀਆਂ ਹਨ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਖਾਸ ਕਰਕੇ ਔਰਤਾਂ ਵਿੱਚ ਜ਼ਿਆਦਾ ਪਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵੱਧ ਰਹੀਆਂ ਬਿਮਾਰੀਆਂ ਅਤੇ ਹਾਦਸਿਆਂ ਦੇ ਅੰਕੜੇ ਸਾਨੂੰ ਸਿਹਤ ਪ੍ਰਤੀ ਹੋਰ ਜਾਗਰੂਕ ਹੋਣ ਦੀ ਲੋੜ ਦਰਸਾਉਂਦੇ ਹਨ।
ਦੇਵ ਰਾਜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਹੀ ਵਿਅਕਤੀ ਸੱਚਮੁੱਚ ਸਿਹਤਮੰਦ ਹੈ ਜੋ ਨਿਯਮਿਤ ਸੈਰ ਅਤੇ ਯੋਗ ਕਰਦਾ ਹੈ। ਲਖਵਿੰਦਰ ਸਿੰਘ ਲੱਖਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਖੁਸ਼ਹਾਲੀ ਉਸੇ ਨੂੰ ਮਿਲਦੀ ਹੈ ਜਿਸਦਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਪਰਿਵਾਰਕ ਜੀਵਨ ਸੰਤੁਲਿਤ ਹੋਵੇ ਅਤੇ ਜਿਸ ਨੂੰ ਮਨ ਦੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਹੋਵੇ।
ਇਸ ਮੌਕੇ ਰਾਜ ਕੁਮਾਰ, ਦੀਪਕ ਕਪੂਰ, ਟੋਨੀ, ਸੋਢੀ ਅਤੇ ਹੋਰ ਸੈਰ ਪ੍ਰੇਮੀ ਵੀ ਮੌਜੂਦ ਰਹੇ। ਅਖੀਰ ਵਿੱਚ ਬੇਦੀ ਸਾਹਿਬ ਵੱਲੋਂ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ।