ਰੱਖੜੀ ਦੇ ਤਿਉਹਾਰ 'ਤੇ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ 'ਚ ਪਾਈ ਸਨਮਾਨ ਰਾਸ਼ੀ
ਗੋਇੰਦਵਾਲ ਸਾਹਿਬ; 26 ਅਗਸਤ : ਰੱਖੜੀ ਦੇ ਤਿਉਹਾਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 1.37 ਲੱਖ ‘ਸਤਿਕਾਰ ਸਖੀਆਂ’ ਨੂੰ 52.20 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਤਬਦੀਲ ਕਰਕੇ ‘ਭਰਾ’ ਦਾ ਫਰਜ਼ ਨਿਭਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੇ ਪੰਜਾਬ ਦੀਆਂ ਔਰਤਾਂ ਤੱਕ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਪਹੁੰਚਾਉਣ ਵਿੱਚ ਸਤਿਕਾਰ ਸਖੀਆਂ ਦੇ ਅਣਥੱਕ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਤਿਕਾਰ ਸਖੀਆਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋ ਸਕੀ ਹੈ ਅਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਪਹੁੰਚਣੀ ਯਕੀਨੀ ਹੋਈ ਹੈ।
ਇਸ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ਵਿੱਚੋਂ 68.06 ਲੱਖ ਔਰਤਾਂ ਦੇ ਖਾਤਿਆਂ ਵਿੱਚ 2,381 ਕਰੋੜ ਰੁਪਏ ਪਹਿਲਾਂ ਹੀ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੀ ਸਰਕਾਰ ਨੇ ਇਸ ਯੋਜਨਾ ਨਾਲ ਇਕ ਕਰੋੜ ਔਰਤਾਂ ਨੂੰ ਜੋੜਨ ਦਾ ਟੀਚਾ ਰੱਖਿਆ ਹੈ, ਜਦਕਿ ਸਤਿਕਾਰ ਸਖੀਆਂ ਨੂੰ ਹਰੇਕ ਰਜਿਸਟ੍ਰੇਸ਼ਨ ਲਈ 300 ਰੁਪਏ ਮਿਲਣਗੇ, ਜਿਸ ਨਾਲ ਉਹ ਇਸ ਪਹਿਲਕਦਮੀ ਰਾਹੀਂ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦ੍ਰਿੜ੍ਹ ਰਹੇਗੀ ਅਤੇ ਜਦੋਂ ਤੱਕ ਪੰਜਾਬ ਵਿੱਚ ਆਪ ਸਰਕਾਰ ਹੈ, ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਬੰਦ ਨਹੀਂ ਹੋਵੇਗੀ। ਇਸ ਦੌਰਾਨ ਆਪ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਤੇ ਵਿਧਾਇਕਾ ਡਾ. ਅਮਨਦੀਪ ਕੌਰ, ਵਿਧਾਇਕਾ ਡਾ. ਜੀਵਨਜੋਤ ਕੌਰ, ਵਿਧਾਇਕਾ ਇੰਦਰਜੀਤ ਕੌਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹਰਭਜਨ ਸਿੰਘ ਈ.ਟੀ.ਓ. ਵੀ ਹਾਜ਼ਰ ਸਨ।
ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: “ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਸਾਡੀ ਸਰਕਾਰ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰ ਰਹੀ ਹੈ। ਅੱਜ ਮੈਂ ਗੋਇੰਦਵਾਲ ਸਾਹਿਬ ਵਿਖੇ ‘ਸਤਿਕਾਰ ਸਖੀ ਸਨਮਾਨ ਸਮਾਰੋਹ’ ਵਿੱਚ ਵਰਚੁਅਲ ਤੌਰ ’ਤੇ ਸ਼ਿਰਕਤ ਕੀਤੀ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 75 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ਵਿੱਚ ‘ਸਨਮਾਨ ਰਾਸ਼ੀ’ ਭੇਜੀ ਜਾ ਰਹੀ ਹੈ। ਉਨ੍ਹਾਂ ਸਾਰੀਆਂ ‘ਸਤਿਕਾਰ ਸਖੀਆਂ’ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਅਤੇ ਫਾਰਮ ਭਰਨ ਵਿੱਚ ਮਦਦ ਕੀਤੀ। ਇਸ ਨੇਕ ਸੇਵਾ ਲਈ ਤੁਹਾਡਾ ਨਾਂ ਇਤਿਹਾਸ ਵਿੱਚ ਦਰਜ ਹੋਵੇਗਾ। ਇਸ ਵਿਆਪਕ ਸਰਕਾਰੀ ਯੋਜਨਾ ਨੂੰ ਘਰ-ਘਰ ਪਹੁੰਚਾਉਣ ਅਤੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਪਹੁੰਚਾਉਣ ਲਈ ਸਾਰੀਆਂ ਸਤਿਕਾਰ ਸਖੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਦਿਲੀ ਧੰਨਵਾਦ।”
ਸਤਿਕਾਰ ਸਖੀਆਂ ਨੂੰ ਸਨਮਾਨ ਰਾਸ਼ੀ ਦੇਣ ਲਈ ਕਰਵਾਏ ਗਏ ਸਮਾਗਮ ਦੌਰਾਨ ਇਕੱਠ ਨੂੰ ਵਰਚੁਅਲ ਤੌਰ ‘ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖੜੀ ਦੇ ਤਿਉਹਾਰ ‘ਤੇ ਪਹਿਲੀ ਕਿਸ਼ਤ ਜਾਰੀ ਕਰਕੇ ਮਹਿਲਾ ਲਾਭਪਾਤਰੀਆਂ ਨੂੰ ਰੱਖੜੀ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਔਰਤਾਂ ਦੇ ਮਾਣ-ਸਨਮਾਨ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕੀਤੀ ਹੈ। ਮੈਂ ਬਾਕੀ ਰਹਿੰਦੀਆਂ ਸਾਰੀਆਂ ਯੋਗ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਦਾ ਲਾਭ ਉਠਾਉਣ।”
ਮੁੱਖ ਮੰਤਰੀ ਨੇ ਦੱਸਿਆ, “18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1,000 ਰੁਪਏ ਦੀ ਵਿੱਤੀ ਸਹਾਇਤਾ ਦੇ ਮੋਬਾਈਲ ਸੰਦੇਸ਼ ਮਿਲ ਰਹੇ ਹਨ, ਜਦਕਿ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਨੂੰ 1,500 ਰੁਪਏ ਮਿਲ ਰਹੇ ਹਨ। ਇਹ ਸਹਾਇਤਾ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ ਅਤੇ ਪੰਜਾਬ ਦੀਆਂ 97 ਫੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ। ਸੂਬਾ ਸਰਕਾਰ ਨੇ ਇਸ ਪਹਿਲਕਦਮੀ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ।”
ਉਨ੍ਹਾਂ ਕਿਹਾ, “ਇਹ ਵਿੱਤੀ ਸਹਾਇਤਾ ਸ਼ਾਇਦ ਔਰਤਾਂ ਨੂੰ ਅਮੀਰ ਤਾਂ ਨਾ ਬਣਾਵੇ ਪਰ ਇਹ ਉਨ੍ਹਾਂ ਨੂੰ ਮਾਣ-ਸਤਿਕਾਰ ਅਤੇ ਸਵੈ-ਮਾਣ ਜ਼ਰੂਰ ਦੇਵੇਗੀ। ਔਰਤਾਂ ਸਭ ਤੋਂ ਵੱਧ ਸਤਿਕਾਰ ਦੀਆਂ ਹੱਕਦਾਰ ਹਨ ਅਤੇ ਮਾਵਾਂ-ਭੈਣਾਂ ਦੀਆਂ ਆਸੀਸਾਂ ਦੁਨੀਆ ਦੀ ਹਰ ਚੁਣੌਤੀ ‘ਤੇ ਜਿੱਤ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਿਵਾਰ ਦੀ ਭਲਾਈ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤੇ ਆਰਥਿਕ ਫੈਸਲੇ ਲੈਣ ਵਿੱਚ ਔਰਤਾਂ ਦੀ ਭਾਈਵਾਲੀ ਵਧਾਉਣ ਲਈ ਉਨ੍ਹਾਂ ਦੀ ਵਿੱਤੀ ਆਜ਼ਾਦੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਔਰਤਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”
ਰੱਖੜੀ ਦੇ ਤਿਉਹਾਰ ‘ਤੇ ਮੁੱਖ ਮੰਤਰੀ ਨੇ ਕਿਹਾ, “ਮੈਂ 1.37 ਲੱਖ ਸਤਿਕਾਰ ਸਖੀਆਂ ਨੂੰ 52.20 ਕਰੋੜ ਰੁਪਏ ਤਬਦੀਲ ਕਰਕੇ ‘ਭਰਾ’ ਦਾ ਫਰਜ਼ ਨਿਭਾਇਆ ਹੈ। ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਵੱਡੀ ਸਫਲਤਾ ਦਿਵਾਉਣ ਵਿੱਚ ਸਤਿਕਾਰ ਸਖੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਕਰਕੇ ਹੀ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋਈ ਹੈ।”
ਉਨ੍ਹਾਂ ਅੱਗੇ ਕਿਹਾ, “ਸਤਿਕਾਰ ਸਖੀਆਂ ਨੇ ਇਸ ਯੋਜਨਾ ਨੂੰ ਪੂਰੇ ਪੰਜਾਬ ਦੀਆਂ ਔਰਤਾਂ ਤੱਕ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਮਿਹਨਤ ਸਦਕਾ ਹੀ 75 ਲੱਖ ਤੋਂ ਵੱਧ ਔਰਤਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜ ਸਕੀਆਂ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸਤਿਕਾਰ ਸਖੀਆਂ ਨੂੰ ਹਰੇਕ ਰਜਿਸਟ੍ਰੇਸ਼ਨ ਲਈ 300 ਰੁਪਏ ਮਿਲਣਗੇ ਅਤੇ 100 ਰੁਪਏ ਪ੍ਰਤੀ ਰਜਿਸਟ੍ਰੇਸ਼ਨ ਦੇ ਹਿਸਾਬ ਨਾਲ 52.20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਇਕ ਕਰੋੜ ਔਰਤਾਂ ਨੂੰ ਯੋਜਨਾ ਨਾਲ ਜੋੜਨ ਦਾ ਟੀਚਾ ਰੱਖਿਆ ਹੈ। ਸਤਿਕਾਰ ਸਖੀਆਂ ਇਸ ਪਹਿਲਕਦਮੀ ਰਾਹੀਂ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨਗੀਆਂ।”
ਮੁੱਖ ਮੰਤਰੀ ਨੇ ਨੋਟ ਕੀਤਾ, “ਹੁਣ ਤੱਕ ਰਜਿਸਟਰਡ 76.11 ਲੱਖ ਔਰਤਾਂ ਵਿੱਚੋਂ 68.06 ਲੱਖ ਔਰਤਾਂ ਦੇ ਖਾਤਿਆਂ ਵਿੱਚ 2,381 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਜਾ ਚੁੱਕੀ ਹੈ। ਇਹ ਦੇਸ਼ ਦੀ ਇੱਕੋ-ਇੱਕ ਅਜਿਹੀ ਯੋਜਨਾ ਹੈ ਜੋ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਨੂੰ ਬਿਨਾਂ ਕਿਸੇ ਸ਼ਰਤ ਦੇ ਮਾਣ-ਭੱਤਾ ਦਿੰਦੀ ਹੈ।”