ਪਟਿਆਲਾ, 28 ਮਾਰਚ – ਪੰਜਾਬੀ ਯੂਨੀਵਰਸਿਟੀ ਵਿਖੇ ਰੰਗਮੰਚ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਅਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਵੱਖ-ਵੱਖ ਸਮਾਗਮ ਕਰਵਾਏ ਗਏ। ਵਿਸ਼ਵ ਰੰਗਮੰਚ ਦਿਵਸ ਦੇ ਇਹ ਸਮਾਗਮ ਪਿਛਲੇ ਦਿਨੀ ਦੁਨੀਆਂ ਤੋਂ ਰੁਖ਼ਸਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰੰਗਮੰਚ ਦੀ ਵੱਡੀ ਹਸਤੀ ਡਾ. ਨਵਨਿੰਦਰਾ ਬਹਿਲ ਨੂੰ ਸਮਰਪਿਤ ਕੀਤੇ ਗਏ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹਨਾਂ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਰੰਗਮੰਚੀ ਗਤੀਵਿਧੀਆਂ ਨਾਲ ਜੁੜੀ ਹੋਈ ਹੈ। ਇਸ ਨੇ ਪੰਜਾਬੀ ਦੇ ਵੱਡੇ ਨਾਟਕਕਾਰ ਅਤੇ ਰੰਗਕਰਮੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਰੰਗਮੰਚ ਸਿਰਫ ਕਲਾ ਨਹੀਂ ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ।
ਕਰਵਾਏ ਗਏ ਸਮਾਗਮਾਂ ਦੀ ਲੜੀ ਵਿੱਚ ਉੱਘੇ ਨਾਟਕਕਾਰ ਬਲਵਿੰਦਰ ਬੁੱਲਟ ਦੇ ਨਾਟਕ ‘ਬਾਰਾ ਸਿੰਗਾ ਮੋਰ’ ਦਾ ਨਾਟ ਪਾਠ ਕਰਵਾਇਆ ਅਤੇ ਇਸ ਤੇ ਚਰਚਾ ਕਰਵਾਈ ਗਈ।
ਬਲਵਿੰਦਰ ਬੁਲਟ ਦੇ ਨਾਟਕ ਬਾਰੇ ਹੋਈ ਚਰਚਾ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਡਾ. ਰਜਿੰਦਰ ਲਹਿਰੀ ਨੇ ਕਿਹਾ ਕਿ ਬੁਲਟ ਦਾ ਨਾਟਕ ਲੋਕ ਕਹਾਣੀਆਂ ਦੇ ਮੈਟਾਫਰ ਰਾਹੀਂ ਆਧੁਨਿਕ ਸਥਿਤੀਆਂ ਤੇ ਚੋਟ ਕਰਦਾ ਹੈ। ਨਾਟਕ ਦਾ ਥੀਮਕ ਪਸਾਰ ਬਹੁਤ ਮੁੱਲਵਾਨ ਹੈ ਜੋ ਸਮਕਾਲ ਲਈ ਢੁਕਦਾ ਹੈ।
ਰੰਗਮੰਚ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਓਲ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਰੰਗਮੰਚ ਬੰਦੇ ਨੂੰ ਕਲਾਤਮਕ ਪੱਧਰ ‘ਤੇ ਹੀ ਅਮੀਰ ਨਹੀਂ ਕਰਦਾ ਬਲਕਿ ਉਸਦੀ ਸ਼ਖਸ਼ੀਅਤ ਨੂੰ ਚਾਰੇ ਕੰਨੀਆਂ ਤੋਂ ਸੰਵਾਰਦਾ ਹੈ।
ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ, ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਸਫਰ ਇੱਕ ਸਦੀ ਤੋਂ ਵਧੇਰੇ ਹੋ ਚੁੱਕਾ ਹੈ ਤੇ ਇਸਨੇ ਪੰਜਾਬੀ ਸਮਾਜ ਨੂੰ ਸੇਧ ਦੇਣ ਵਿੱਚ ਗੌਲਣਯੋਗ ਭੂਮਿਕਾ ਨਿਭਾਈ ਹੈ।