ਰੇਲਵੇ ਮਾਰਗ ਤੇ ਮਿਲਿਆ ਸੀਸੀਟੀਵੀ ਕੈਮਰਾ, ਸੁਰੱਖਿਆ ਏਜੰਸੀਆਂ ਜਾਂਚ ਵਿੱਚ ਜੁਟੀਆਂ
ਅੰਮ੍ਰਿਤਸਰ, 7 ਜੁਲਾਈ : ਰੇਲਵੇ ਮਾਰਗ ਉਪਰ ਅੱਜ ਇਕ ਖੂਫੀਆ ਸੀਸੀਟੀਵੀ ਲਗਿਆ ਮਿਲਣ ਕਾਰਨ ਲੋਕਾਂ ਅੰਦਰ ਭਾਰੀ ਸ਼ਹਿਮ ਤੇ ਡਰ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਮਾਨਵਲ ਰੇਲਵੇ ਸੈਕਸ਼ਨ ‘ਤੇ ਰੇਲਵੇ ਟਰੈਕ ਦੇ ਨੇੜੇ ਇੱਕ ਓਵਰਹੈੱਡ ਬਿਜਲੀ ਦੇ ਖੰਭੇ ਉੱਪਰ ਸ਼ੱਕੀ ਢੰਗ ਨਾਲ ਲਗਾਇਆ ਗਿਆ ਸੀਸੀਟੀਵੀ ਕੈਮਰਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ), ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਅਤੇ ਸਿਵਲ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਕੈਮਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਰੇਲਵੇ ਸੁਰੱਖਿਆ ਕਰਮਚਾਰੀ ਰੁਟੀਨ ਗਸ਼ਤ ਅਤੇ ਟਰੈਕ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਅੰਮ੍ਰਿਤਸਰ-ਮਾਨਵਲ ਰੇਲਵੇ ਸੈਕਸ਼ਨ ਦੇ ਕਿਲੋਮੀਟਰ ਨੰਬਰ 508/23 ਨੇੜੇ ਉਨ੍ਹਾਂ ਦੀ ਨਜ਼ਰ ਇੱਕ ਬਿਜਲੀ ਦੇ ਖੰਭੇ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਤੇ ਪਈ। ਇਸ ਤੋਂ ਬਾਅਦ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਦੇ ਨਿਰਦੇਸ਼ਾਂ ‘ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੱ ਸੂਚਿਤ ਕੀਤਾ।