ਮੇਅਰ ਕੁੰਦਨ ਗੋਗੀਆ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਰਜਿੰਦਰਾ ਲੇਕ ਦੀ ਧਾਰਮਿਕ ਅਤੇ ਸੈਰ-ਸਪਾਟਾ ਮਹੱਤਤਾ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ, “ਅਸੀਂ ਵੱਡੇ ਫੰਡਾਂ ਦੇ ਗੇੜ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ, ਇਸ ਲਈ ਨਿਗਮ ਦੇ ਮੁਲਾਜ਼ਮਾਂ ਦੀ ਮਦਦ ਨਾਲ ਸਫ਼ਾਈ ਅਤੇ ਫੁਹਾਰਿਆਂ ਦੀ ਮੁਰੰਮਤ ਸ਼ੁਰੂ ਕਰਵਾਈ ਗਈ ਹੈ।” ਵਰਤਮਾਨ ਵਿੱਚ ਨਿਗਮ ਦੇ ਸਫ਼ਾਈ ਸੇਵਕ ਪਾਣੀ ਵਿੱਚੋਂ ਗੰਦਗੀ ਕੱਢਣ ਵਿੱਚ ਜੁਟੇ ਹੋਏ ਹਨ ਅਤੇ ਤਕਨੀਕੀ ਟੀਮ ਵੱਲੋਂ ਫੁਹਾਰਿਆਂ ਨੂੰ ਮੁੜ ਚਾਲੂ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।
ਲੇਕ ਦੇ ਸੁੰਦਰੀਕਰਨ ਨੂੰ ਲੈ ਕੇ ਮੇਅਰ ਨੇ ਅਗਲੇਰੀ ਯੋਜਨਾ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਫ਼ਾਈ ਤੋਂ ਬਾਅਦ ਅਗਲੇ ਪੜਾਅ ਵਿੱਚ ਇੱਥੇ ਆਧੁਨਿਕ ਵਾਕਿੰਗ ਟਰੈਕ, ਬੈਠਣ ਲਈ ਨਵੇਂ ਬੈਂਚ ਅਤੇ ਖ਼ੂਬਸੂਰਤ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕਿਉਂਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਨਗਰ ਨਿਗਮ ਦੀ ਇਸ ਕਾਰਜਸ਼ੈਲੀ ਤੋਂ ਪਟਿਆਲਾ ਵਾਸੀ ਬੇਹੱਦ ਖ਼ੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਵਾਧੂ ਖਰਚੇ ਦੇ ਆਪਣੇ ਪੱਧਰ ‘ਤੇ ਕੰਮ ਸ਼ੁਰੂ ਕਰਨਾ ਪ੍ਰਸ਼ਾਸਨ ਦੀ ਸਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਰਜਿੰਦਰਾ ਲੇਕ ਆਪਣੇ ਪੁਰਾਣੇ ਰੂਪ ਵਿੱਚ ਵਾਪਸ ਆ ਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਇਸ ਦੌਰਾਨ ਮੇਅਰ ਦੇ ਨਾਲ ਨਗਰ ਨਿਗਮ ਦੇ ਇੰਜੀਨੀਅਰਿੰਗ ਅਤੇ ਸਿਹਤ ਸ਼ਾਖਾ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।