ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ

ਪਟਿਆਲਾ, 12 ਜੂਨ : ਕਾਮਰਸ ਦੇ ਵਿਦਿਆਰਥੀਆਂ ਲਈ ਪੇਸ਼ੇਵਰ ਸਿੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਰੋਜ਼ਗਾਰ ਦੇ ਵਧੀਆ ਮੌਕੇ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ QualityNZ ਨਾਲ ਸਮਝੌਤਾ ਪੱਤਰ (MoU) ਸਾਈਨ ਕੀਤਾ ਹੈ। ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਬੀ.ਕਾਮ. ਦੀ ਪੜ੍ਹਾਈ ਦੇ ਨਾਲ-ਨਾਲ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਐਸੋਸੀਏਸ਼ਨ ਆਫ਼ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ (ACCA) ਯੋਗਤਾ ਹਾਸਲ ਕਰਨ ਦਾ ਮੌਕਾ ਮਿਲੇਗਾ।

ਇਸ ਸਹਿਯੋਗ ਅਧੀਨ ਬੀ.ਕਾਮ. ਦੇ ਵਿਦਿਆਰਥੀ ਆਪਣੀ ਡਿਗਰੀ ਦੇ ਨਾਲ ACCA ਕੋਰਸ ਵੀ ਕਰ ਸਕਣਗੇ। ਇਸ ਪ੍ਰੋਗਰਾਮ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਵਿਦਿਆਰਥੀਆਂ ਨੂੰ ACCA ਦੇ 6 ਪੇਪਰਾਂ ਵਿੱਚ ਛੋਟ (Exemption) ਮਿਲੇਗੀ, ਜਿਸ ਕਾਰਨ ਉਨ੍ਹਾਂ ਨੂੰ ਸਿਰਫ਼ 7 ਪੇਪਰ ਹੀ ਪਾਸ ਕਰਨੇ ਪੈਣਗੇ। ਆਮ ਤੌਰ ‘ਤੇ ACCA ਕੋਰਸ ਸੁਤੰਤਰ ਤੌਰ ‘ਤੇ ਕਰਨ ‘ਤੇ ਲਗਭਗ 6.5 ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਪਰ ਮੋਦੀ ਕਾਲਜ ਰਾਹੀਂ ਇਹ ਕੋਰਸ ਲਗਭਗ 2.5 ਲੱਖ ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਇਹ ਵਿਦਿਆਰਥੀਆਂ ਲਈ ਕਾਫ਼ੀ ਕਿਫ਼ਾਇਤੀ ਬਣ ਜਾਂਦਾ ਹੈ।

ਇਸ ਤੋਂ ਇਲਾਵਾ ਕਾਲਜ ਨੇ ਇੰਸਟੀਚਿਊਟ ਆਫ਼ ਮੈਨੇਜਮੈਂਟ ਅਕਾਊਂਟੈਂਟਸ ਦੇ ਸਰਟੀਫਾਈਡ ਮੈਨੇਜਮੈਂਟ ਅਕਾਊਂਟੈਂਟ (CMA) ਪ੍ਰੋਗਰਾਮ ਲਈ ਵੀ ਸਮਝੌਤਾ ਪੱਤਰ ਸਾਈਨ ਕੀਤਾ ਹੈ। ਇਸ ਨਾਲ ਵਿਦਿਆਰਥੀ ਆਪਣੀ ਬੀ.ਕਾਮ. ਡਿਗਰੀ ਦੇ ਨਾਲ CMA ਕੋਰਸ ਵੀ ਕਰ ਸਕਣਗੇ। ਆਮ ਤੌਰ ‘ਤੇ CMA ਕੋਰਸ ਦਾ ਖਰਚਾ ਲਗਭਗ 1.8 ਲੱਖ ਰੁਪਏ ਹੁੰਦਾ ਹੈ, ਜਦਕਿ ਕਾਲਜ ਰਾਹੀਂ ਇਹ ਕੋਰਸ ਲਗਭਗ 1.2 ਲੱਖ ਰੁਪਏ ਵਿੱਚ ਕਰਵਾਇਆ ਜਾਵੇਗਾ।

ਇਹ ਪਹਿਲਕਦਮੀਆਂ ਕਾਲਜ ਦੀ ਉਦਯੋਗ-ਕੇਂਦਰਿਤ ਸਿੱਖਿਆ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਪੇਸ਼ੇਵਰ ਯੋਗਤਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਲੇਖਾ-ਜੋਖਾ (Accounting), ਵਿੱਤ (Finance) ਅਤੇ ਪ੍ਰਬੰਧਨ (Management) ਨਾਲ ਸੰਬੰਧਿਤ ਉੱਚ ਪੱਧਰੀ ਗਿਆਨ ਅਤੇ ਹੁਨਰ ਪ੍ਰਾਪਤ ਹੋਣਗੇ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਰੋਜ਼ਗਾਰ ਅਤੇ ਕਰੀਅਰ ਦੇ ਮੌਕੇ ਹੋਰ ਬਿਹਤਰ ਹੋਣਗੇ।

Scroll to Top