ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਦੇਹਰਾਦੂਨ ਵਿਖੇ ਕਰਵਾਇਆ ਸਮਾਗਮ
ਪਟਿਆਲਾ 3 ਅਕਤੂਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਮਾਗਮਾਂ ਦੀ ਲੜੀ ਤਹਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ) ਦੇਹਰਾਦੂਨ ਵਿਖੇ ਭਾਈ ਵੀਰ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਾਹਿਤ ਗੌਰਵ ਪ੍ਰੇਮ ਸਾਹਿਲ ਦੇਹਰਾਦੂਨ ਤੇ ਪ੍ਰੋ. ਸੁਦਰਸ਼ਨ ਗਾਸੋ ਅੰਬਾਲਾ ਨੇ ਕੀਤੀ। ਵੱਖ-ਵੱਖ ਸੂਬਿਆਂ ਤੋਂ ਪੁੱਜੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਸ੍ਰੀ ਸਾਹਿਬ ਦੇ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਡਾ. ਸੰਦੀਪ ਸ਼ਰਮਾ ਲੁਧਿਆਣਾ ਨੇ ਭਾਵਪੂਰਤ ਕਵਿਤਾ ‘ਪਿਤਾ’ ਨਾਲ ਕੀਤੀ। ਫਿਰ ਅਵਤਾਰਜੀਤ ਸਿੰਘ ਪਟਿਆਲਾ ਨੇ ‘ਅਸੀਂ ਜੋ ਵੀ ਲਿਖਦੇ ਹਾਂ ਫ਼ਰਜ਼ ਜ਼ਰੂਰੀ ਲਈ..’ ਗੀਤ ਤੁਰੰਨਮ ’ਚ ਗਾ ਕੇ ਲਿਖਾਰੀਆਂ ਨੂੰ ਆਪਣੇ ਫ਼ਰਜ਼ ਪਹਿਚਾਨਣ ਦਾ ਹਲੂਣਾ ਦਿੱਤਾ। ਬਲਵਿੰਦਰ ਸੰਧੂ ਪਟਿਆਲਾ ਨੇ ‘ਦਸਵੰਧ’, ‘ਦਿਲਗੀਰੀ’ ਤੇ ‘ਅਗਨ ਜਾਂ ਜਲ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ।
ਮਨਜੀਤ ਪੁਰੀ ਫ਼ਰੀਦਕੋਟ ਨੇ ‘ਸਾਡੇ ਸਮਿਆਂ ਵਿੱਚ..’ ਗਜ਼ਲ ਰਾਹੀਂ ਅਜੋਕੇ ਦੌਰ ਦੇ ਸਮਾਜਿਕ-ਰਾਜਨੀਤਿਕ ਹਾਲਾਤ ’ਤੇ ਵਿਅੰਗ ਕੀਤੇ। ਤਰਸੇਮ ਬਰਨਾਲਾ ਨੇ ‘ਦੁੱਖ ਦੇ ਦਾਸ’ ਰਾਹੀਂ ਤਕਨੀਕੀ ਖੋਜਾਂ ਸਦਕਾ ਬਦਲ ਰਹੇ ਸਮਾਜ ਦੀ ਤਰਾਸਦੀ ਬਿਆਨ ਕੀਤੀ। ਗੁਰਚਰਨ ਸਿੰਘ ਜੋਗੀ ਅੰਬਾਲਾ ਨੇ ‘ਕੋਈ ਤਾਂ ਗੱਲ ਕਰੇ..’ ਕਵਿਤਾ ਰਾਹੀਂ ਸਾਂਝੇ ਪੰਜਾਬ ਦੀ ਬਾਤ ਪਾਈ। ਸ. ਜਸਵੰਤ ਸਿੰਘ ਜ਼ਫ਼ਰ ਨੇ ਚਾਲੀ ਮੁਕਤਿਆਂ ਬਾਰੇ ਕਵਿਤਾ ‘ਆਤਮਾ’ ਤੇ ‘ਭਾਈ ਕਨਈਆ’ ਕਵਿਤਾਵਾਂ ਰਾਹੀਂ ਕੁਰਬਾਨੀ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਡਾ. ਅਜੀਤਪਾਲ ਜਟਾਣਾ ਮੋਗਾ ਨੇ ਗਜ਼ਲ ‘ਗੀਤ ਫੁੱਟ ਪੈਣਗੇ…’ ਤੁਰੰਨਮ ਗਾ ਕੇ ਮਾਹੌਲ ਨੂੰ ਨਵੀਂ ਰੰਗਤ ਦਿੱਤੀ। ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ ਨੇ ‘ਅੱਖਾਂ ’ਚ ਵੇਖਿਆ ਮੈਂ..’ ਗਜ਼ਲ ਤੇ ਟੱਪੇ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ।