ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਨੇ ਜਿੱਤਿਆ '9ਵਾਂ ਬ੍ਰਿਕਸ ਯੰਗ ਇਨੋਵੇਟਰ ਪ੍ਰਾਈਜ਼ 2026
ਪਟਿਆਲਾ, 23 ਨਵੰਬਰ : ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਡਾ. ਅਕਸ਼ਪ੍ਰੀਤ ਕੌਰ ਨੇ ‘9ਵਾਂ ਬ੍ਰਿਕਸ ਯੰਗ ਇਨੋਵੇਟਰ ਪ੍ਰਾਈਜ਼ 2026’ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ ਦਾ ਨਾਮ ਰੌਸ਼ਨ ਕੀਤਾ ਹੈ। ਪੋਸਟ-ਡਾਕਟੋਰਲ ਫੈਲੋ ਡਾ. ਅਕਸ਼ਪ੍ਰੀਤ ਯੂਨੀਵਰਸਿਟੀ ਦੇ ਇਲੈਕਟਰੌਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਿਖੇ ਪ੍ਰੋ. ਸੋਨੀਆ ਗੋਇਲ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੀ ਹੈ।
ਇਹ ਮੁਕਾਬਲਾ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਬੈਂਗਲੁਰੂ ਵਿਖੇ ‘ਬ੍ਰਿਕਸ ਯੰਗ ਸਾਇੰਟਿਸਟ ਫੋਰਮ ਅਤੇ ਯੰਗ ਇਨੋਵੇਟਰ ਪ੍ਰਾਈਜ਼’ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ, ਜਿਸ ਵਿੱਚ ਭਾਰਤ, ਰੂਸ, ਬ੍ਰਾਜ਼ੀਲ, ਚੀਨ, ਯੂ.ਏ.ਈ. ਅਤੇ ਈਰਾਨ ਦੇ ਨੌਜਵਾਨ ਖੋਜਕਾਰਾਂ ਅਤੇ ਨਵੀਨਤਾਕਾਰਾਂ ਨੇ ਹਿੱਸਾ ਲਿਆ। ਹਰੇਕ ਭਾਗੀਦਾਰ ਦੇਸ ਇਸ ਪੁਰਸਕਾਰ ਲਈ ਵੱਧ ਤੋਂ ਵੱਧ ਤਿੰਨ ਉਮੀਦਵਾਰਾਂ ਨੂੰ ਨਾਮਜ਼ਦ ਕਰ ਸਕਦਾ ਸੀ। ਇਨ੍ਹਾਂ ਪ੍ਰੋਜੈਕਟਾਂ ਦਾ ਮੁਲਾਂਕਣ ਛੇ ਭਾਗੀਦਾਰ ਦੇਸ਼ਾਂ ਦੇ ਇੱਕ-ਇੱਕ ਮਾਹਿਰ ‘ਤੇ ਆਧਾਰਿਤ ਅੰਤਰਰਾਸ਼ਟਰੀ ਜਿਊਰੀ ਵੱਲੋਂ ਬਾਰੀਕੀ ਨਾਲ ਕੀਤਾ ਗਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੰਜਾਬੀ ਯੂਨੀਵਰਸਿਟੀ ਦੇ ਉੱਚ-ਪੱਧਰੀ ਖੋਜ ਵਾਤਾਵਰਣ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਬ੍ਰਿਕਸ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਵਿੱਚੋਂ ਅੱਵਲ ਰਹਿਣਾ ਨਾ ਸਿਰਫ਼ ਯੂਨੀਵਰਸਿਟੀ ਲਈ, ਸਗੋਂ ਪੂਰੇ ਦੇਸ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਡਾ. ਅਕਸ਼ਪ੍ਰੀਤ ਕੌਰ ਦੀ ਇਹ ਸਫਲਤਾ ਯੂਨੀਵਰਸਿਟੀ ਦੇ ਹੋਰਨਾਂ ਖੋਜਾਰਥੀਆਂ ਨੂੰ ਵੀ ਵਿਸ਼ਵ-ਪੱਧਰੀ ਖੋਜ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।
ਡਾ. ਅਕਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਸਿਰਫ਼ ਦੋ ਚੁਣੇ ਗਏ ਉਮੀਦਵਾਰਾਂ ਵਿੱਚੋਂ ਇੱਕ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਦਿਲ ਦੀ ਧੜਕਣ ਨਾਲ ਖ਼ੁਦ ਚੱਲਣ ਵਾਲੇ ਪੇਸਮੇਕਰ (ਸੈਲਫ਼-ਪਾਵਰਡ ਕਾਰਡੀਅਕ ਪੇਸਮੇਕਰ) ‘ਤੇ ਆਪਣੀ ਨਵੀਨਤਮ ਖੋਜ ਪੇਸ਼ ਕੀਤੀ, ਜਿਸ ਰਾਹੀਂ ਸਰੀਰ ਅੰਦਰ ਲਗਾਏ ਜਾਣ ਵਾਲੇ ਦਿਲ ਦੇ ਉਪਕਰਨਾਂ ਲਈ ਬਿਜਲੀ ਊਰਜਾ ਪੈਦਾ ਕਰਨ ਵਾਸਤੇ ਦਿਲ ਦੀ ਕੁਦਰਤੀ ਗਤੀ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਦਰਸਾਇਆ ਗਿਆ ਹੈ। ਇਹ ਖੋਜ ਰਵਾਇਤੀ ਪੇਸਮੇਕਰ ਬੈਟਰੀਆਂ ਅਤੇ ਬਾਰ-ਬਾਰ ਬਦਲਣ ਵਾਲੀਆਂ ਸਰਜਰੀਆਂ ‘ਤੇ ਨਿਰਭਰਤਾ ਘਟਾਉਣ ਵੱਲ ਇੱਕ ਸ਼ਾਨਦਾਰ ਕਦਮ ਹੈ।