ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਨ੍ਰਿਤ ਦਿਵਸ ‘ਤੇ ਵਿਸ਼ੇਸ਼ ਸਮਾਗਮ ਕਰਵਾਇਆ

ਪਟਿਆਲਾ, 2 ਮਈ – ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸਰਬ ਅਕਾਲ ਮਿਊਜ਼ਿਕ ਸੁਸਾਇਟੀ, ਕੈਲਗਰੀ (ਕੈਨੇਡਾ) ਨਾਲ ਮਿਲ ਕੇ ਵਿਸ਼ਵ ਨ੍ਰਿਤ ਦਿਵਸ ਦਾ ਆਯੋਜਨ ਕੀਤਾ ਗਿਆ। ਵਿਖਿਆਤ ਕੱਥਕ ਨਰਤਕੀ ਅਤੇ ਪ੍ਰਮੁੱਖ ਗੁਰੂ ਗੀਤਾਂਜਲੀ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਪੇਸ਼ਕਾਰੀ ਵੀ ਦਿੱਤੀ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਡੇਜ਼ੀ ਵਾਲੀਆ ਸਨ, ਜੋ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਦੇ ਸੰਸਥਾਪਕ ਹਨ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸੁਆਗਤੀ ਸ਼ਬਦ ਕਹੇ। ਵਾਈਸ-ਚਾਂਸਲਰ ਪ੍ਰੋ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਗੁਰੂ ਗੀਤਾਂਜਲੀ ਲਾਲ ਦੀ ਆਮਦ ਨੂੰ ਸਮਾਗਮ ਦੀ ਸਾਰਥਕਤਾ ਦੱਸਿਆ ਅਤੇ ਯੁਵਕ ਭਲਾਈ ਵਿਭਾਗ ਦੀ ਅਜਿਹਾ ਸਮਾਗਮ ਉਲੀਕਣ ਉੱਤੇ ਸ਼ਲਾਘਾ ਕੀਤੀ।
ਪਹਿਲੀ ਪੇਸ਼ਕਾਰੀ ਜੈਸਮੀਨ ਅਤੇ ਸਾਥੀ ਕਲਾਕਾਰਾਂ ਦੀ ਸਮੂਹਿਕ ਸੀ ਜਿਸ ਨੇ ਰੰਗ ਬੰਨ੍ਹ ਦਿੱਤਾ। ਵੱਖੋ-ਵੱਖਰੇ ਵਿਸ਼ਿਆਂ ਉੱਤੇ ਦਿੱਤੀ ਪੇਸ਼ਕਾਰੀ ਦੀ ਤਰਤੀਬ ਅਤੇ ਸੰਯੋਜਨ ਬੇਹਦ ਖ਼ੂਬਸੂਰਤ ਸੀ। ਗੁਰੂ ਗੀਤਾਂਜਲੀ ਲਾਲ ਦੀ ਸ਼ਗਿਰਦ ਆਸਾਵਰੀ ਸਿੰਘ ਨੇ ‘ਗਨੇਸ਼ ਵੰਦਨਾ’ ਪ੍ਰਸਤੁਤ ਕਰਨ ਉਪਰੰਤ ਗੀਤਾਂਜਲੀ ਜੀ ਵਲੋਂ ਹੀ ਸੁਰਬੱਧ ‘ਤਰਾਨਾ’ ਰਚਨਾ ਉੱਤੇ ਆਕਰਸ਼ਕ ਪੇਸ਼ਕਾਰੀ ਦਿੱਤੀ ਜਿਸ ਵਿਚੋਂ ਨਿੱਗਰ ਤਾਲੀਮ ਝਲਕ ਰਹੀ ਸੀ। ਡਾ. ਅਰਸ਼ਦੀਪ ਕੌਰ ਦੀ ਕੱਥਕ ਨ੍ਰਿਤ ਦੀ ਪੇਸ਼ਕਾਰੀ ਵਿਚੋਂ ਮਿਹਨਤ ਅਤੇ ਤਿਆਰੀ ਸਾਫ਼ ਝਲਕ ਰਹੀ ਸੀ ਜੋ ਉਹਨਾਂ ਨੇ ਆਪਣੇ ਮਾਰਗ ਦਰਸ਼ਕਾਂ ਨੂੰ ਸਮਰਪਿਤ ਕੀਤੀ।
ਨਾਮਵਰ ਨਰਤਕੀ ਸ੍ਰੀਮਤੀ ਵਿਦਿਆਗੌਰੀ ਨੇ ਇੱਕ ਸੰਗੀਤਕ ਰਚਨਾ ਉੱਤੇ ਸਿਰਜਣਾ ਭਰਪੂਰ ਨ੍ਰਿਤ ਪੇਸ਼ਕਾਰੀ ਬੜੇ ਹੀ ਮਨਮੋਹਕ ਢੰਗ ਨਾਲ ਦਿੱਤੀ। ਸਰਬ ਅਕਾਲ ਮਿਊਜ਼ਿਕ ਸੁਸਾਇਟੀ ਦੀ ਭਾਰਤੀ ਇਕਾਈ ਦੇ ਪ੍ਰਧਾਨ ਸ. ਰਣਜੀਤ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਜਨਰਲ ਸਕੱਤਰ ਡਾ. ਰਮਨਦੀਪ ਕੌਰ ਨੇ ਸੁਸਾਇਟੀ ਦੀਆਂ ਕਲਾਤਮਕ ਗਤੀਵਿਧੀਆਂ ਉੱਤੇ ਚਾਨਣਾ ਪਾਇਆ। ਵਰਨਣਯੋਗ ਹੈ ਕਿ ਇਹ ਸੁਸਾਇਟੀ ਅੰਤਰ ਰਾਸ਼ਟਰੀ ਪੱਧਰ ਉੱਤੇ ਸੰਗੀਤ ਅਤੇ ਨ੍ਰਿਤ ਕਲਾ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਹੈ।
Scroll to Top