ਪੰਜਾਬੀ ਯੂਨੀਵਰਸਿਟੀ ਵਿਖੇ ਆਰੰਭ ਹੋਈ ‘ਸੈੱਲ ਕਲਚਰ ਫੈਸਿਲਿਟੀ’ ਲੈਬ; ਉਪ-ਕੁਲਪਤੀ ਵੱਲੋਂ  ਉਦਘਾਟਨ

ਪਟਿਆਲਾ, 17 ਜੂਨ – ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅਤਿ-ਆਧੁਨਿਕ ‘ਸੈੱਲ ਕਲਚਰ ਫੈਸਿਲਿਟੀ’ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ। ਯੂਨੀਵਰਸਿਟੀ ਦੇ ‘ਐਂਟਰਪ੍ਰਨਿਓਰਸ਼ਿਪ ਇਨੋਵੇਸ਼ਨ ਐਂਡ ਕਰੀਅਰ ਹੱਬ’ (ਈ.ਆਈ.ਸੀ. ਐੱਚ.) ਦੇ ਅਧੀਨ ਸਥਾਪਿਤ ਇਹ ਸਹੂਲਤ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਸਹਿਯੋਗ ਨਾਲ਼ ਚੱਲ ਰਹੀ ਸਕੀਮ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ’ (ਰੂਸਾ) ਦੇ ਵਿੱਤੀ ਸਹਿਯੋਗ ਰਾਹੀਂ ਤਿਆਰ ਕੀਤੀ ਗਈ ਹੈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਉਮੀਦ ਪ੍ਰਗਟਾਈ ਕਿ ਵਿਗਿਆਨਕ ਖੋਜਾਂ ਨੂੰ ਅੱਗੇ ਵਧਾਉਣ ਅਤੇ ਇਸ ਖੇਤਰ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ਼ ਯੂਨੀਵਰਸਿਟੀ ਦੇ ‘ਸੌਫ਼ਿਸਟੀਕੇਟਿਡ ਇੰਸਟਰੂਮੈਂਟੇਸ਼ਨ ਸੈਂਟਰ’  (ਐੱਸ.ਆਈ.ਸੀ.) ਵਿਖੇ ਸਥਾਪਿਤ ਇਹ ਵਿਸ਼ੇਸ਼ ਖੋਜ ਬੁਨਿਆਦੀ ਢਾਂਚਾ ਲਾਈਫ਼ ਸਾਇੰਸਿਜ਼, ਫਾਰਮਾਸਿਊਟੀਕਲ, ਖੇਤੀਬਾੜੀ ਅਤੇ ਸਿਹਤ ਵਿਗਿਆਨ ਨਾਲ਼ ਸਬੰਧਤ ਖੇਤਰਾਂ ਵਿੱਚ ਉੱਚ ਪੱਧਰੀ ਖੋਜ ਕਾਰਜਾਂ ਲਈ ਸਹਾਈ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਨਵੀਂ ਲੈਬਾਰਟਰੀ ਵਿੱਚ ਜੀਵਤ ਕੋਸ਼ਿਕਾਵਾਂ (ਲਿਵਿੰਗ ਸੈੱਲਜ਼) ਦੇ ਰੱਖ-ਰਖਾਅ ਅਤੇ ਅਧਿਐਨ ਲਈ ਬਾਇਓਸੇਫਟੀ ਕੈਬਿਨੇਟਸ, ਕਾਰਬਨਡਾਈਆਕਸਾਈਡ ਇਨਕਿਊਬੇਟਰ, ਇਨਵਰਟਿਡ ਮਾਈਕ੍ਰੋਸਕੋਪ ਅਤੇ ਕ੍ਰਾਇਓਪ੍ਰੀਜ਼ਰਵੇਸ਼ਨ ਸਿਸਟਮ ਵਰਗੇ ਕਈ ਉੱਨਤ ਵਿਗਿਆਨਕ ਉਪਕਰਣ ਸਥਾਪਿਤ ਕੀਤੇ ਗਏ ਹਨ। ਇਹ ਸਹੂਲਤ ਕੈਂਸਰ ਬਾਇਓਲੋਜੀ, ਰੀਜਨਰੇਟਿਵ ਮੈਡੀਸਨ, ਟੌਕਸੀਕੋਲੋਜੀ, ਮੌਲੀਕਿਊਲਰ ਬਾਇਓਲੋਜੀ ਅਤੇ ਪਲਾਂਟ-ਐਨੀਮਲ ਬਾਇਓਟੈਕਨਾਲੋਜੀ ਵਰਗੇ ਗੰਭੀਰ ਵਿਸ਼ਿਆਂ ‘ਤੇ ਖੋਜ ਕਰਨ ਲਈ ਮੀਲ  ਪੱਥਰ ਸਾਬਤ ਹੋਵੇਗੀ।
 ਐੱਸ.ਆਈ.ਸੀ. ਦੇ ਪ੍ਰੋਫੈਸਰ-ਇੰਚਾਰਜ ਪ੍ਰੋ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੈੱਲ-ਲਾਈਨ ਆਧਾਰਿਤ ਖੋਜ ਅੱਜ ਦੇ ਦੌਰ ਵਿੱਚ ਬਹੁਤ ਜ਼ਰੂਰੀ ਹੋ ਚੁੱਕੀ ਹੈ। ਇਸ ਤਕਨੀਕ ਸਦਕਾ ਜੀਵਤ ਕੋਸ਼ਿਕਾਵਾਂ ਨੂੰ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਤੋਂ ਬਾਹਰ ਨਿਯੰਤਰਿਤ ਹਾਲਤਾਂ ਵਿੱਚ ਵਿਕਸਿਤ ਕਰ ਕੇ ਬਿਮਾਰੀਆਂ ਦੇ ਲੱਛਣਾਂ ਅਤੇ ਦਵਾਈਆਂ ਦੇ ਪ੍ਰਭਾਵਾਂ ਦਾ ਸਟੀਕ ਅਧਿਐਨ ਕੀਤਾ ਜਾ ਸਕਦਾ ਹੈ, ਜਿਸ ਨਾਲ਼ ਪ੍ਰਯੋਗਾਂ ਦੌਰਾਨ ਜਾਨਵਰਾਂ ‘ਤੇ ਨਿਰਭਰਤਾ ਕਾਫ਼ੀ ਹੱਦ ਤੱਕ ਘਟੇਗੀ।
Scroll to Top