ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ
ਪਟਿਆਲਾ, 7 ਸਤੰਬਰ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀ.ਏ.ਪੀ.) ਵੱਲੋਂ ਪੰਜਾਬ ਸਟੇਟ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ-2026 ਅੱਜ ਪਟਿਆਲਾ ਵਿਖੇ ਸਫਲਤਾਪੂਰਵਕ ਕਰਵਾਈ ਗਈ। ਇਸ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪ੍ਰਤਿਭਾਸ਼ਾਲੀ ਸਾਈਕਲਿਸਟਾਂ ਨੇ ਆਪਣੀ ਸਰੀਰਕ ਸਮਰੱਥਾ, ਸਹਿਣਸ਼ੀਲਤਾ, ਤਕਨੀਕੀ ਹੁਨਰ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿੱਚ ਹੋਏ ਮੁਕਾਬਲੇ ਬੇਹੱਦ ਰੋਮਾਂਚਕ ਰਹੇ ਅਤੇ ਖਿਡਾਰੀਆਂ ਨੇ ਤਗਮੇ ਹਾਸਲ ਕਰਨ ਲਈ ਆਪਣੀ ਪੂਰੀ ਸਮਰੱਥਾ ਨਾਲ ਮੁਕਾਬਲਾ ਕੀਤਾ। ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਨੈਸ਼ਨਲ ਐਮ.ਟੀ.ਬੀ. ਸਾਈਕਲਿੰਗ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਵੇਗੀ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ, ਕੋਚਾਂ, ਤਕਨੀਕੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਦੀ ਬੇਅੰਤ ਪ੍ਰਤਿਭਾ ਮੌਜੂਦ ਹੈ ਅਤੇ ਇਸ ਤਰ੍ਹਾਂ ਦੇ ਮਿਆਰੀ ਮੁਕਾਬਲੇ ਉਸ ਪ੍ਰਤਿਭਾ ਨੂੰ ਪਛਾਣਨ ਅਤੇ ਨਿਖਾਰਨ ਲਈ ਬੇਹੱਦ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਸਾਈਕਲਿੰਗ ਪ੍ਰਤੀ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਐਸੋਸੀਏਸ਼ਨ ਦਾ ਯਤਨ ਹੈ ਕਿ ਹੋਣਹਾਰ ਸਾਈਕਲਿਸਟਾਂ ਨੂੰ ਜ਼ਿਲ੍ਹਾ ਅਤੇ ਸੂਬਾ ਪੱਧਰ ਤੋਂ ਅੱਗੇ ਲਿਜਾ ਕੇ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇ।
ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਟੀਚਾ ਪੰਜਾਬ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨਾ ਅਤੇ ਇੱਕ ਅਜਿਹਾ ਮੁਕਾਬਲਾਤਮਕ ਢਾਂਚਾ ਵਿਕਸਤ ਕਰਨਾ ਹੈ, ਜਿਸ ਰਾਹੀਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਛੁਪੀ ਖੇਡ ਪ੍ਰਤਿਭਾ ਨੂੰ ਅੱਗੇ ਆਉਣ ਦਾ ਬਰਾਬਰ ਮੌਕਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਇਸ ਸੂਬਾ ਪੱਧਰੀ ਚੈਂਪੀਅਨਸ਼ਿਪ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਿਲ੍ਹਾ ਪੱਧਰੀ ਐਮ.ਟੀ.ਬੀ. ਸਾਈਕਲਿੰਗ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਨੇ ਉੱਭਰਦੇ ਸਾਈਕਲਿਸਟਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਨਾਲ-ਨਾਲ ਸੂਬਾ ਪੱਧਰ ਦੇ ਮੁਕਾਬਲੇ ਲਈ ਤਿਆਰ ਹੋਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੋਂ ਸੂਬਾ ਅਤੇ ਫਿਰ ਕੌਮੀ ਪੱਧਰ ਤੱਕ ਇੱਕ ਮਜ਼ਬੂਤ ਮੁਕਾਬਲਾਤਮਕ ਲੜੀ ਸਥਾਪਤ ਕਰਨਾ ਐਸੋਸੀਏਸ਼ਨ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਾਊਂਟੇਨ ਬਾਈਕ (ਐਮ.ਟੀ.ਬੀ.) ਸਾਈਕਲਿੰਗ ਇੱਕ ਚੁਣੌਤੀਪੂਰਨ ਖੇਡ ਹੈ, ਜਿਸ ਵਿੱਚ ਸਾਈਕਲਿਸਟ ਦੀ ਸਰੀਰਕ ਤਾਕਤ ਅਤੇ ਸਹਿਣਸ਼ੀਲਤਾ ਦੇ ਨਾਲ-ਨਾਲ ਤਕਨੀਕੀ ਹੁਨਰ, ਸੰਤੁਲਨ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਵੀ ਪਰਖ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਵਿੱਚ ਐਮ.ਟੀ.ਬੀ. ਪ੍ਰਤੀ ਵਧ ਰਹੀ ਦਿਲਚਸਪੀ ਸੂਬੇ ਵਿੱਚ ਇਸ ਖੇਡ ਦੇ ਸੁਨਹਿਰੇ ਭਵਿੱਖ ਦਾ ਸੰਕੇਤ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮਕਸਦ ਸਿਰਫ਼ ਚੈਂਪੀਅਨਸ਼ਿਪਾਂ ਕਰਵਾਉਣਾ ਨਹੀਂ, ਸਗੋਂ ਪ੍ਰਤਿਭਾ ਦੀ ਪਛਾਣ, ਵਿਗਿਆਨਕ ਸਿਖਲਾਈ, ਨਿਯਮਤ ਮੁਕਾਬਲਿਆਂ ਅਤੇ ਯੋਗ ਮਾਰਗਦਰਸ਼ਨ ਰਾਹੀਂ ਅਜਿਹੇ ਸਾਈਕਲਿਸਟ ਤਿਆਰ ਕਰਨਾ ਹੈ ਜੋ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਤਗਮੇ ਜਿੱਤ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਨਾਲ ਇੱਕ ਸ਼ਾਨਦਾਰ ਖੇਡ ਵਿਰਾਸਤ ਜੁੜੀ ਹੋਈ ਹੈ ਅਤੇ ਇਸ ਵਿਰਾਸਤ ਨੂੰ ਅੱਗੇ ਲਿਜਾਣ ਲਈ ਨਵੀਂ ਪੀੜ੍ਹੀ ਨੂੰ ਸਾਈਕਲਿੰਗ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸੇ ਮੰਤਵ ਨਾਲ ਐਸੋਸੀਏਸ਼ਨ ਵੱਲੋਂ ਨੌਜਵਾਨ ਅਤੇ ਉੱਭਰਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੁਕਾਬਲੇ ਦੇ ਮੌਕੇ ਮੁਹੱਈਆ ਕਰਵਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਦੀ ਇੱਕ ਮਜ਼ਬੂਤ ਨਰਸਰੀ ਤਿਆਰ ਹੋ ਸਕੇ।
ਚੈਂਪੀਅਨਸ਼ਿਪ ਦੇ ਯੂਥ ਬੁਆਏਜ਼ 8 ਕਿਲੋਮੀਟਰ ਮੁਕਾਬਲੇ ਵਿੱਚ ਰੋਪੜ ਦੇ ਅਖਿਲੇਸ਼ ਵਰਮਾ ਨੇ ਸੋਨ ਤਗਮਾ, ਅੰਮ੍ਰਿਤਸਰ ਦੇ ਆਰਵਜੋਤ ਸਿੰਘ ਨੇ ਚਾਂਦੀ ਅਤੇ ਅੰਮ੍ਰਿਤਸਰ ਦੇ ਪ੍ਰਭਨੂਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਯੂਥ ਗਰਲਜ਼ 8 ਕਿਲੋਮੀਟਰ ਵਿੱਚ ਪਟਿਆਲਾ ਦੀ ਹੰਸਿਕਾ ਨੇ ਸੋਨ, ਪਟਿਆਲਾ ਦੀ ਮੁਸਕਾਨ ਨੇ ਚਾਂਦੀ ਅਤੇ ਲੁਧਿਆਣਾ ਦੀ ਜੈਸਮੀਨ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ।
ਸਬ-ਜੂਨੀਅਰ ਬੁਆਏਜ਼ 8 ਕਿਲੋਮੀਟਰ ਵਿੱਚ ਸੰਗਰੂਰ ਦੇ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ ਅੰਮ੍ਰਿਤਸਰ ਦੇ ਵਿਸ਼ਵਜੀਤ ਸਿੰਘ ਪੰਨੂ ਨੇ ਚਾਂਦੀ ਅਤੇ ਫਰੀਦਕੋਟ ਦੇ ਅਰਮਾਨ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।