ਪਟਿਆਲਾ, 30 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਵਿਚਲੇ ਟੀ.ਬੀ. ਦੇ ਮਰੀਜ਼ਾਂ ਨਾਲ਼ ਸਬੰਧਤ ਵੱਖ-ਵੱਖ ਸਮਾਜਿਕ ਅਤੇ ਸਿਹਤ ਸਬੰਧੀ ਸਮੱਸਿਆਵਾਂ ਸਾਹਮਣੇ ਆਈਆਂ ਹਨ। ਸਮਾਜਿਕ ਦ੍ਰਿਸ਼ਟੀਕੋਣ ਤੋਂ ਟੀ.ਬੀ. ਮਰੀਜ਼ਾਂ ਦੀਆਂ ਜੀਵਨ-ਹਕੀਕਤਾਂ ਨੂੰ ਸਮਝਣ ਹਿਤ ਇਹ ਖੋਜ ਕਾਰਜ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਵਿਖੇ ਪ੍ਰੋ. ਹਰਦੀਪ ਕੌਰ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।
ਪ੍ਰੋ. ਹਰਦੀਪ ਕੌਰ ਨੇ ਦੱਸਿਆ ਕਿ ਇਹ ਖੋਜ ਪੰਜਾਬ ਦੇ ਛੇ ਜ਼ਿਲ੍ਹਿਆਂ – ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਸੰਗਰੂਰ ਅਤੇ ਪਟਿਆਲਾ – ਵਿੱਚੋਂ ਚੁਣੇ 300 ਟੀ.ਬੀ. ਮਰੀਜ਼ਾਂ ’ਤੇ ਅਧਾਰਿਤ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸੂਬੇ ਦੇ ਸਭ ਤੋਂ ਵੱਧ ਟੀ.ਬੀ. ਕੇਸ ਰਜਿਸਟਰਡ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਅਤੇ ਪਰਿਵਾਰਕ ਸਮੱਸਿਆਵਾਂ ਵਿੱਚ ਮਰਦਾਂ ਅਤੇ ਔਰਤਾਂ ਵਿੱਚ ਮਹੱਤਵਪੂਰਨ ਫ਼ਰਕ ਵੇਖੇ ਗਏ ਗਏ। ਇਸੇ ਤਰ੍ਹਾਂ ਸੰਯੁਕਤ ਅਤੇ ਛੋਟੇ ਪਰਿਵਾਰਾਂ ਵਿੱਚ ਰਹਿਣ ਵਾਲੇ ਮਰੀਜ਼ਾਂ ਵਿੱਚ ਮਾਨਸਿਕ ਤੇ ਪਰਿਵਾਰਕ ਸਮੱਸਿਆਵਾਂ ਵਿੱਚ ਵੀ ਮਹੱਤਵਪੂਰਨ ਅੰਤਰ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇੱਕ ਦਿਲਚਸਪ ਗੱਲ ਸਾਹਮਣੇ ਆਈ ਕਿ ਵਿਆਹੀਆਂ ਔਰਤ ਮਰੀਜ਼ਾਂ ਨੂੰ ਅਕਸਰ ਉਨ੍ਹਾਂ ਦਾ ਪੇਕਾ ਪਰਿਵਾਰ ਹੀ ਇਲਾਜ ਲਈ ਲੈ ਕੇ ਜਾਂਦਾ ਸੀ, ਨਾ ਕਿ ਸਹੁਰਾ ਪਰਿਵਾਰ।
ਉਨ੍ਹਾਂ ਦੱਸਿਆ ਕਿ ਬਿਮਾਰੀ ਦਾ ਸਾਹਮਣਾ ਕਰਨ ਦੀਆਂ ਰਣਨੀਤੀਆਂ ਵਿੱਚ ਲਿੰਗ ਆਧਾਰਿਤ ਫ਼ਰਕ ਸਭ ਤੋਂ ਵੱਧ ਸੰਗਰੂਰ (19 ਰਣਨੀਤੀਆਂ ਵਿੱਚ), ਫਿਰ ਪਟਿਆਲਾ ਤੇ ਅੰਮ੍ਰਿਤਸਰ (7 ਰਣਨੀਤੀਆਂ), ਲੁਧਿਆਣਾ (2 ਰਣਨੀਤੀਆਂ), ਗੁਰਦਾਸਪੁਰ ਤੇ ਜਲੰਧਰ (1 ਰਣਨੀਤੀ) ਵਿੱਚ ਵੇਖੇ ਗਏ।
ਨਿਗਰਾਨ ਪ੍ਰੋ. ਹਰਦੀਪ ਕੌਰ ਅਤੇ ਖੋਜਾਰਥੀ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਖੋਜ ਦੇ ਨਤੀਜੇ ਪੰਜਾਬ ਵਿੱਚ ਟੀ.ਬੀ. ਨਿਯੰਤਰਣ ਅਤੇ ਮਰੀਜ਼ ਦੀ ਭਲਾਈ ਲਈ ਕੰਮ ਕਰਨ ਵਾਲੇ ਨੀਤੀ-ਨਿਰਮਾਤਾਵਾਂ, ਸਿਹਤ ਅਧਿਕਾਰੀਆਂ, ਸਮਾਜ-ਸੇਵੀਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਲਈ ਬਹੁਤ ਮਹੱਤਵ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਮੁੱਖ ਉਦੇਸ਼ ਮਰੀਜ਼ਾਂ ਵਿੱਚ ਬਿਮਾਰੀ ਸਬੰਧੀ ਜਾਗਰੂਕਤਾ ਦਾ ਪਤਾ ਲਗਾਉਣਾ, ਸਿਹਤ, ਸਮਾਜਿਕ, ਮਾਨਸਿਕ, ਆਰਥਿਕ ਅਤੇ ਪਰਿਵਾਰਕ ਸਮੱਸਿਆਵਾਂ ਦੀ ਪੜਤਾਲ ਕਰਨਾ ਅਤੇ ਮਰੀਜ਼ਾਂ ਵੱਲੋਂ ਅਪਣਾਈਆਂ ਜਾ ਰਹੀਆਂ ਬਿਮਾਰੀ ਦਾ ਸਾਹਮਣਾ ਕਰਨ ਦੀਆਂ ਰਣਨੀਤੀਆਂ ਦਾ ਅਧਿਐਨ ਕਰਨਾ ਸੀ।
ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵਿੱਚ ਬਿਮਾਰੀ ਬਾਰੇ ਕਾਫ਼ੀ ਜਾਣਕਾਰੀ ਵੇਖਣ ਨੂੰ ਮਿਲੀ। ਫੇਫੜਿਆਂ ਦੀ ਟੀ.ਬੀ. ਸਭ ਤੋਂ ਵੱਧ ਵੇਖੀ ਗਈ ਅਤੇ ਖੰਘ ਇਸ ਦੇ ਫੈਲਣ ਦਾ ਮੁੱਖ ਕਾਰਨ ਸੀ। ਰੋਗ ਦੀ ਪਹਿਚਾਣ ਲਈ ਐਕਸ-ਰੇਅ ਅਤੇ ਥੁੱਕ ਜਾਂਚ ਸਭ ਤੋਂ ਵੱਧ ਵਰਤੀ ਗਈ।ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਡੀ.ਓ.ਟੀ. ਐੱਸ. ਥੈਰੇਪੀ ਦੀ ਵੱਡੇ ਪੱਧਰ ਉੱਤੇ ਵਰਤੋਂ ਵੇਖਣ ਨੂੰ ਮਿਲੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਦੇ ਮਕਸਦ ਨਾਲ਼ ਜੁੜੀਆਂ ਖੋਜਾਂ ਅਤੇ ਅਕਾਦਮਿਕ ਗਤੀਵਿਧੀਆਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਰੋਗ ਨਾਲ਼ ਜੁੜੇ ਵੱਖ-ਵੱਖ ਕਿਸਮ ਦੇ ਡਰ, ਸਮਾਜਿਕ ਧਾਰਨਾਵਾਂ, ਟੈਬੂ ਆਦਿ ਬਾਰੇ ਅਸਲ ਸਥਿਤੀ ਨੂੰ ਸਮਝਣ ਅਤੇ ਇਸ ਸਬੰਧੀ ਸਮੱਸਿਆਵਾਂ ਦੇ ਹੱਲ ਵੱਲ ਵਧਣ ਲਈ ਅਜਿਹੇ ਅਧਿਐਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ।