ਜਲੰਧਰ ਵਿਚ ਪੁਲਸ ਤੇ ਸੂਟਰ ਵਿਚਾਲੇ ਹੋਇਆ ਮੁਕਾਬਲਾ, ਸੂਟਰ ਜਖਮੀ
ਜਲੰਧਰ, 9 ਜੁਲਾਈ : ਜਲੰਧਰ ਵਿਚ ਅੱਜ ਪੰਜਾਬ ਪੁਲਸ ਤੇ ਇਕ ਸੂਟਰ ਵਿਚਾਲੇ ਮੁਕਾਬਲੇ ਦੋਰਾਨ ਸੂਟਰ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਯੋਧ ਸਿੰਘ ਉਰਫ਼ ਲੱਬੂ ਹੈ, ਜੋ ਸ਼ਾਹਕੋਟ ਇਲਾਕੇ ਦਾ ਵਸਨੀਕ ਹੈ। ਇਹ ਕਾਰਵਾਈ ਸ਼ਾਹਪੁਰ ਪਿੰਡ ਨੇੜੇ ਉਸ ਸਮੇਂ ਕੀਤੀ ਗਈ ਜਦੋਂ ਸੀਆਈਏ ਦੀ ਟੀਮ ਨੂੰ ਉਸ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਚਨਾ ਮਿਲੀ ਸੀ।
ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਡਾਕਟਰਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹੋ ਸਕਦਾ ਹੈ। ਪੁਲਿਸ ਉਸ ਦੇ ਅਪਰਾਧਿਕ ਰਿਕਾਰਡ, ਹਥਿਆਰਾਂ ਦੀ ਸਪਲਾਈ ਲੜੀ ਅਤੇ ਉਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਸਰੰਡਰ ਕਰਨ ਲਈ ਕਿਹਾ, ਪਰ ਉਸ ਨੇ ਕਥਿਤ ਤੌਰ ‘ਤੇ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।