ਆਧੁਨਿਕ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਦੇਣ ਵੱਲ ਪੰਜਾਬ ਮੰਡੀ ਬੋਰਡ ਅੱਗੇ ਵਧਿਆ : ਬਰਸਟ
ਚੰਡੀਗੜ੍ਹ, 30 ਸਤੰਬਰ 2026 : ਭਾਰਤ ਦੀ ਵੱਧ ਰਹੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਫਸਲ ਦੀ ਸਹੀ ਸਪਲਾਈ ਚੇਨ ਅਤੇ ਪ੍ਰਬੰਧਨ ਨੂੰ ਬਿਹਤਰ ਬਣਾਉਣਾ ਬਹੁਤ ਵੱਡੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਚੇਅਰਮੈਨ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ (ਕੌਸਾਂਬ) ਵੱਲੋਂ ਫੂਡ ਲਾਸ ਐਂਡ ਵੇਸਟ ਇਨ ਹੋਲਸੇਲ ਫਰੂਟ ਐਂਡ ਵੈਜੀਟੇਬਲ ਮਾਰਕੀਟਸ ਵਿਸ਼ੇ ਤੇ ਆਯੋਜਿਤ ਰਾਸ਼ਟਰੀ ਕਾਨਫਰੰਸ ਵਿੱਚ ਕੀਤਾ ਗਿਆ।
ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਅਨਿਲ ਡੱਬੂ ਦੀ ਪ੍ਰਧਾਨਗੀ ਹੇਠ ਆਯੋਜਿਤ ਉਤਰਾਖੰਡ ਵਿਖੇ ਆਯੋਜਿਤ ਇਸ ਰਾਸ਼ਟਰੀ ਕਾਨਫਰੰਸ ਵਿੱਚ ਸ. ਬਰਸਟ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਫੂਡ ਦੇ ਨੁਕਸਾਨ ਅਤੇ ਬਰਬਾਦੀ ਨੂੰ ਰੋਕਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਰਾਜਾਂ ਅੰਦਰ ਫਸਲਾਂ ਦੇ ਉਤਪਾਦਨ ਅਤੇ ਖਪਤ ਦੇ ਅੰਕੜਿਆਂ ਨੂੰ ਮੁੱਖ ਰੱਖਦਿਆਂ ਨੈਸ਼ਨਲ ਮਾਰਕੀਟਿੰਗ ਪਾਲਿਸੀ ਦਾ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੀਤੀਆਂ ਤਿਆਰ ਕਰਦੇ ਸਮੇਂ ਜ਼ਮੀਨੀ ਹਕੀਕਤਾਂ ਅਤੇ ਕਿਸਾਨਾਂ ਦੀਆਂ ਲੋੜਾਂ ਨੂੰ ਸਮਝਣਾ ਜਰੂਰੀ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਦੇ ਸਹੀ ਭਾਅ ਅਤੇ ਵਧੀਆ ਪ੍ਰਬੰਧਨ ਮਿਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸ. ਬਰਸਟ ਨੇ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਭਲਾਈ, ਮੰਡੀਕਰਨ ਪ੍ਰਣਾਲੀ ਦੇ ਸੁਧਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਨਵੀਆਂ ਪਹਿਲਕਦਮੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਅਧੀਨ 158 ਮਾਰਕਿਟ ਕਮੇਟੀਆਂ ਹਨ, ਜਿਨ੍ਹਾਂ ਵਿੱਚ 152 ਮੁੱਖ ਮੰਡੀਆਂ, 285 ਸਬ-ਯਾਰਡ ਅਤੇ 1428 ਖਰੀਦ ਕੇਂਦਰ ਸ਼ਾਮਲ ਹਨ। ਫਸਲਾਂ ਦੇ ਸੀਜ਼ਨ ਦੌਰਾਨ ਲੋੜ ਅਨੁਸਾਰ ਅਸਥਾਈ ਖਰੀਦ ਕੇਂਦਰ ਵੀ ਨੋਟੀਫਾਈ ਕੀਤੇ ਜਾਂਦੇ ਹਨ। ਬੋਰਡ ਵੱਲੋਂ ਰਾਜ ਵਿੱਚ 64,878 ਕਿਲੋਮੀਟਰ ਲਿੰਕ ਸੜਕਾਂ ਦਾ ਰੱਖ-ਰਖਾਅ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਰੋਡ ਸੇਫਟੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਰੋਡ ਮਾਰਕਿੰਗ, ਰੋਡ ਸਟੱਡਸ, ਰੰਬਲ ਸਟ੍ਰਿਪਸ, ਬੋਰਡ, ਰਿਫਲੈਕਟਿਵ ਪੇਂਟ ਸ਼ਾਮਲ ਹਨ। ਵਾਤਾਵਰਣ ਸੰਭਾਲ ਲਈ ਸ਼ਹੀਦ ਭਗਤ ਸਿੰਘ ਹਰੀਅਵਲ ਲਹਿਰ ਤਹਿਤ ਸੂਬੇ ਭਰ ਦੀਆਂ ਮੰਡੀਆਂ ਵਿੱਚ ਬੂਟੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੰਡੀਆਂ ਵਿੱਚ 654 ਸ਼ੈੱਡ ਬਣਾਏ ਗਏ ਹਨ ਅਤੇ 36 ਸੋਲਰ ਪਲਾਂਟ ਸਥਾਪਿਤ ਕੀਤੇ ਗਏ ਹਨ।
ਸ. ਬਰਸਟ ਨੇ ਦੱਸਿਆ ਕਿ ਮੰਡੀਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ 2022-23 ਤੋਂ ਈ-ਆਕਸ਼ਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਹੁਣ ਤੱਕ ਲਗਭਗ 1846 ਪਲਾਟ ਵੇਚੇ ਜਾ ਚੁੱਕੇ ਹਨ, ਜਿਸ ਨਾਲ ਬੋਰਡ ਨੂੰ ਕਰੀਬ 746 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਤੋਂ ਇਲਾਵਾ 20 ਮੰਡੀਆਂ ਵਿੱਚ ਕਿਸਾਨ ਪੈਟਰੋਲ ਪੰਪ ਸ਼ੁਰੂ ਕੀਤੇ ਜਾ ਰਹੇ ਹਨ। ਕਿਸਾਨ ਭਵਨ, ਚੰਡੀਗੜ੍ਹ ਅਤੇ ਕਿਸਾਨ ਹਵੇਲੀ, ਸ੍ਰੀ ਅਨੰਦਪੁਰ ਸਾਹਿਬ ਦਾ ਆਧੁਨਿਕੀਕਰਨ ਨਾਲ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਵਿੱਚ ਵਾਧਾ ਹੋਇਆ ਹੈ। ਜੁਲਾਈ 2023 ਤੋਂ ਮਾਰਚ 2026 ਤੱਕ ਇਹ ਆਮਦਨ ਵਧ ਕੇ ਲਗਭਗ 12 ਕਰੋੜ ਰੁਪਏ ਹੋ ਗਈ ਹੈ।