ਪਟਿਆਲਾ, 7 ਮਈ : ਖ਼ਾਲਸਾ ਕਾਲਜ ਪਟਿਆਲਾ ਵਿਖੇ ਆਟੋਨੌਮਸ ਕਾਲਜਾਂ ਦੇ ਚੇਅਰਮੈਨਾਂ ਅਤੇ ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਭਾਈ ਦਇਆ ਸਿੰਘ ਬਲਾਕ ਆਫ ਕਾਮਰਸ ਐਂਡ ਮੈਨੇਜਮੈਂਟ ਦੇ ਬੋਰਡ ਰੂਮ ਵਿੱਚ ਆਯੋਜਿਤ ਕੀਤੀ ਗਈ। ਇਸ ਅਹਿਮ ਮੀਟਿੰਗ ਦੌਰਾਨ ਕਾਲਜਾਂ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਗੰਭੀਰ ਵਿਚਾਰ-ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ‘ਆਟੋਨੌਮਸ ਕਾਲਜਾਂ ਦੀ ਐਸੋਸੀਏਸ਼ਨ’ ਬਣਾਉਣ ਦਾ ਨਿਰਣਾ ਲਿਆ ਗਿਆ।
ਇਸ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੂੰ ਪ੍ਰਧਾਨ, ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ ਪਟਿਆਲਾ ਦੇ ਚੇਅਰਮੈਨ ਡਾ. ਤਰਸੇਮ ਸੈਣੀ ਨੂੰ ਸਪੋਕਸ ਪਰਸਨ ਤੇ ਸਰਪ੍ਰਸਤ ਅਤੇ ਐੱਮ.ਐੱਮ. ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੂੰ ਜਨਰਲ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਆਤਮ ਸਿੰਘ ਰੰਧਾਵਾ ਖ਼ਾਲਸਾ ਕਾਲਜ ਅੰਮ੍ਰਿਤਸਰ, ਚੇਅਰਪਰਸਨ ਐਡਵੋਕੇਟ ਅਸ਼ੋਕ ਗੋਇਲ ਐੱਸ.ਐੱਸ.ਡੀ ਗਰਲਜ਼ ਕਾਲਜ ਬਠਿੰਡਾ ਅਤੇ ਡਾ. ਜਸਵੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ।
ਜੁਆਇੰਟ ਸੈਕਟਰੀ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਇਲਾਵਾ ਐਗਜੀਕਿਊਟਿਵ ਮੈਂਬਰ ਵਜੋਂ ਡਾ. ਬਿਕਰਮਜੀਤ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਸ਼੍ਰੀ ਫਤਿਹਗੜ੍ਹ ਸਾਹਿਬ, ਡਾ. ਸਤਵੰਤ ਕੌਰ ਪ੍ਰਿੰਸੀਪਲ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਰੋਪੜ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਨੂੰ ਨਿਯੁਕਤ ਕੀਤਾ ਗਿਆ।
ਸਪੋਕਸਪਰਸਨ ਸ਼੍ਰੀ ਤਰਸੇਮ ਸੈਣੀ ਨੇ ਮੀਟਿੰਗ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਈਆਂ ਜਾ ਰਹੀਆਂ ਵੱਖ-ਵੱਖ ਫੀਸਾਂ ‘ਤੇ ਇਤਰਾਜ਼ ਜਤਾਉਂਦਿਆਂ ਦੱਸਿਆ ਗਿਆ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਕੰਟੀਨਿਊਸ਼ਨ ਅਤੇ ਸਬੰਧਤਾ ਫੀਸਾਂ ਵਸੂਲੀਆਂ ਜਾ ਰਹੀਆਂ ਹਨ, ਜਦੋਂ ਕਿ ਯੂ.ਜੀ.ਸੀ. ਦੇ 2023 ਦੇ ਨਿਯਮਾਂ ਮੁਤਾਬਕ ਅਜਿਹੀ ਕੋਈ ਵਿਵਸਥਾ ਨਹੀਂ ਹੈ।
ਇਸ ਤੋਂ ਇਲਾਵਾ ਡਿਜੀ ਲੌਕਰ, ਅਕੈਡਮਿਕ ਬੈਂਕ ਆਫ ਕ੍ਰੈਡਿਟ (ਏ.ਬੀ.ਸੀ.) ਅਤੇ ਅਪਾਰ ਆਈ.ਡੀ. ਸਬੰਧੀ ਯੂਨੀਵਰਸਿਟੀ ਵੱਲੋਂ ਕੋਈ ਸਪੱਸ਼ਟ ਗਾਈਡਲਾਈਨਜ਼ ਨਾ ਦੇਣ ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਟੈਂਪਲੇਟ ਵਿੱਚ ਲਗਾਤਾਰ ਕੀਤੇ ਜਾ ਰਹੇ ਬਦਲਾਅ ਕਾਰਨ ਕਾਲਜਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਕਾਲਜ ਪ੍ਰਬੰਧਕਾਂ ਨੇ ਇਹ ਵੀ ਰੋਸ ਪ੍ਰਗਟਾਇਆ ਕਿ ਆਟੋਨੌਮਸ ਕਾਲਜਾਂ ਦੀ ਰੋਜ਼ ਮਰਾ ਦੀ ਕਾਰਜ ਪ੍ਰਣਾਲੀ ਵਿੱਚ ਬੇਲੋੜੀ ਦਖਲਅੰਦਾਜ਼ੀ ਹੋ ਰਹੀ ਹੈ। ਇਨ੍ਹਾਂ ਮਸਲਿਆਂ ਦੇ ਹੱਲ ਲਈ ਜਲਦ ਹੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ ਜਾਵੇਗੀ।