ਚੰਡੀਗੜ੍ਹ, 27 ਮਈ : ਹਰਿਆਣਾ ਸਰਕਾਰ ਨੇ ਸਾਲ 2026-27 ਲਈ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਮੱਛੀ ਪਾਲਣ ਕਾਰੋਬਾਰ ਨਾਲ ਜੋੜ ਕੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਉਨਾ ਨੂੰ ਸਬਸਿਡੀ ਵੀ ਮਿਲੇਗੀ, ਜਿਸ ਨਾਲ ਉਨਾ ਦੇ ਵਪਾਰ ਨੂੰ ਕਾਫੀ ਰਾਹਤਵੀ ਮਿਲੇਗੀ।
ਦਸ ਦਈਏ ਕਿ ਹੁਣ ਮੱਛੀ ਪਾਲਣ ਵਿਭਾਗ ਵੱਲੋਂ “ਮੱਛੀ ਪਾਲਣ ਖੇਤਰ ਵਿਸ਼ੇਸ਼ ਕੰਪੋਨੈਂਟ ਸਕੀਮ” ਅਧੀਨ ਯੋਗ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਲਾਭ ਪਾਤਰੀਆਂ ਨੂੰ ਪੰਚਾਇਤੀ ਤਲਾਬ ਪੱਟੇ ’ਤੇ ਲੈਣ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਪਹਿਲੇ ਸਾਲ ਲਈ ਲੀਜ਼ ਰਕਮ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਜੋ ਵੀ ਘੱਟ ਹੋਵੇ, ਸਹਾਇਤਾ ਵਜੋਂ ਪ੍ਰਦਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਜੇ ਅਤੇ ਅਗਲੇ ਸਾਲਾਂ ਵਿੱਚ ਲੀਜ਼ ਰਕਮ ਦਾ 40 ਫੀਸਦੀ ਜਾਂ ਵੱਧ ਤੋਂ ਵੱਧ 40 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਦਿੱਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਸੂਚਿਤ ਪਾਣੀਆਂ ਵਿੱਚ ਮੱਛੀਆਂ ਫੜਨ ਲਈ ਠੇਕੇਦਾਰਾਂ ਨੂੰ ਮਨਜ਼ੂਰਸ਼ੁਦਾ ਬੋਲੀ ਰਕਮ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਵਿੱਤੀ ਸਹਾਇਤਾ ਮਿਲੇਗੀ।