ਕੇਂਦਰ ਨੇ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਦਿੱਤੀ ਪੰਜਾਬ ਦੇ ਮੁਹੱਲਾ ਕਲੀਨਿਕਾਂ ਲਈ 1100 ਕਰੋੜ ਰੁਪਏ ਜਲਦੀ ਜਾਰੀ ਕੀਤੇ ਜਾਣ ਦੀ ਉਮੀਦ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 September, 2024, 09:55 AM

ਕੇਂਦਰ ਨੇ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਦਿੱਤੀ ਪੰਜਾਬ ਦੇ ਮੁਹੱਲਾ ਕਲੀਨਿਕਾਂ ਲਈ 1100 ਕਰੋੜ ਰੁਪਏ ਜਲਦੀ ਜਾਰੀ ਕੀਤੇ ਜਾਣ ਦੀ ਉਮੀਦ
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਰੋਕੇ ਗਏ ਕਰੋੜਾਂ ਰੁਪਏ ਹੁਣ ਪੰਜਾਬ ਨੂੰ ਮਿਲਣ ਦੀਆਂ ਚੱਲ ਰਹੀਆਂ ਕਿਆਸਰਾਈਆਂ ਨੂੰ ਆਉਣ ਵਾਲੇ ਸਮੇਂ ਵਿਚ ਬੂਰ ਪੈ ਸਕਦਾ ਹੈ ਕਿਉਂਕਿ ਕੇਂਦਰ ਨੇ ਪੰਜਾਬ ਦੇ ਸਿਹਤ ਮੰਤਰਾਲੇ ਨੂੰ ਉਮੀਦ ਦਿੱਤੀ ਹੈ ਕਿ ਪੰਜਾਬ ਦੇ ਮੁਹੱਲਾ ਕਲੀਨਿਕਾਂ ਲਈ 1100 ਕਰੋੜ ਰੁਪਏ ਜਲਦੀ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਕੇਂਦਰ ਨੇ ਹੈਲਥ ਐਂਡ ਵੈੱਲਨੈੱਸ ਸੈਂਟਰ ਦੇ ਫੰਡਾਂ ਨੂੰ ਆਮ ਆਦਮੀ ਕਲੀਨਿਕ ਦੇ ਨਾਂ ’ਤੇ ਜਾਰੀ ਕਰਨ ’ਤੇ ਇਤਰਾਜ਼ ਜਤਾਉਂਦਿਆਂ ਰੋਕ ਲਗਾ ਦਿੱਤੀ ਸੀ, ਜਿਸ ਕਾਰਨ ਪੰਜਾਬ ਨੂੰ ਕੇਂਦਰ ਵੱਲੋਂ 1100 ਕਰੋੜ ਰੁਪਏ ਨਹੀਂ ਮਿਲੇ ਸਨ। ਮੁਹੱਲਾ ਕਲੀਨਿਕਾਂ ਲਈ 1100 ਕਰੋੜ ਰੁਪਏ ਜਲਦੀ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨਾਲ ਮੁਲਾਕਾਤ ਕੀਤੀ। ਕਲੀਨਿਕ ਦੀ ਬ੍ਰਾਂਡਿੰਗ ਤੋਂ ਸ਼ੁਰੂ ਹੋਇਆ ਵਿਵਾਦ ਕੋ-ਬ੍ਰਾਂਡਿੰਗ ਨਾਲ ਖ਼ਤਮ ਹੋ ਸਕਦਾ ਹੈ, ਪਰ ਸਿਹਤ ਮੰਤਰੀ ਨੇ ਦੂਜੇ ਪਾਸੇ ਇਹ ਵੀ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਦੇ ਨਾਂ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ.ਪੀ.ਨੱਢਾ ਨੇ ਪੰਜਾਬ ਦੇ ਫੰਡਾਂ ਨੂੰ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ, ਪਰ ਕਲੀਨਿਕ ਦੇ ਨਾਂ ਦੀ ਕੋ-ਬ੍ਰਾਂਡਿੰਗ ਨਾਂ ’ਚ ਬਦਲਾਅ ਨਾਲ ਕੀਤੀ ਜਾਵੇਗੀ ਜਾਂ ਫਿਰ ਹੈਲਥ ਵੈੱਲਨੈੱਸ ਸੈਂਟਰ ਦਾ ਨਾਂ ਆਮ ਆਦਮੀ ਕਲੀਨਿਕ ਨਾਲ ਜੋੜ ਕੇ ਕੀਤਾ ਜਾਵੇਗਾ। ਇਸ ਨੂੰ ਲੈ ਕੇ ਫਿਲਹਾਲ ਸਿਹਤ ਮੰਤਰੀ ਨੇ ਖ਼ੁਲਾਸਾ ਨਹੀਂ ਕੀਤਾ। ਉਮੀਦ ਹੈ ਕਿ ਇਕ ਮਹੀਨੇ ਦੇ ਅੰਦਰ ਪੰਜਾਬ ਨੂੰ ਰੁਕੇ ਹੋਏ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ 870 ਆਮ ਆਦਮੀ ਕਲੀਨਿਕਾਂ ’ਚੋਂ 400 ਅਜਿਹੇ ਹਨ, ਜੋ ਸਰਕਾਰੀ ਇਮਾਰਤਾਂ ’ਚ ਨਹੀਂ ਹਨ, ਇਹ 400 ਕਲੀਨਿਕ ਐੱਨ.ਆਰ.ਆਈ. ਜਾਂ ਵਪਾਰੀਆਂ ਨੇ ਪੰਜਾਬ ਦੀ ਪੇਸ਼ੈਂਟ ਕੇਅਰ ਨੂੰ ਧਿਆਨ ’ਚ ਰੱਖਦਿਆਂ ਸ਼ੁਰੂ ਕੀਤੇ ਸਨ ਪਰ ਉਹ ਚਲਾ ਨਹੀਂ ਪਾ ਰਹੇ ਸਨ। ਉਨ੍ਹਾਂ ਸੈਂਟਰਾਂ ਨੂੰ ਪੰਜਾਬ ਨੇ ਆਮ ਆਦਮੀ ਕਲੀਨਿਕ ’ਚ ਤਬਦੀਲ ਕਰ ਦਿੱਤਾ ਤਾਂ ਜੋ ਪੰਜਾਬ ਦੇ ਮਰੀਜ਼ਾਂ ਨੂੰ ਦਵਾਈਆਂ ਦੀ ਕਮੀ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਬੀਮਾ ਯੋਜਨਾ ਦੀ 215 ਕਰੋੜ ਰੁਪਏ ਦੀ ਗ੍ਰਾਂਟ ਜੋ ਰੁਕੀ ਹੋਈ ਸੀ, ਉਸ ਨੂੰ ਵੀ ਸਰਕਾਰ ਨੇ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।



Scroll to Top