ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ :

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 September, 2024, 09:42 AM

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ

ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ :
ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ । ਬਚਪਨ ਵਿੱਚ ਆਪ ਜੀ ਦਾ ਨਾਮ ਤਿਆਗ ਮੱਲ ਰੱਖਿਆ ਗਿਆ । ਗੁਰੂ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਸੁਬਾਹ ਦੇ ਸਨ । ਜਦ ਆਪ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਦੇ ਚਰਨਾਂ ’ਤੇ ਸੀਸ ਨਿਵਾਇਆ ਤੇ ਮੱਥਾ ਟੇਕਿਆ। ਭਾਈ ਬਿਧੀ ਚੰਦ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ਇਹ ਬਾਲਕ ਸੱਚਾਈ ਦੇ ਰਾਹ ’ਤੇ ਜ਼ੁਲਮ ਨੂੰ ਮਿਟਾਉਣ ਲਈ ਆਖ਼ਰੀ ਸਵਾਸਾਂ ਤੱਕ ਲੜੇਗਾ। ਆਪ ਨੂੰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਪੰਜਾਬੀ, ਬਿ੍ਰਜ ਭਾਸ਼ਾ, ਗਣਿਤ ਤੇ ਸੰਗੀਤ ਦੀ ਸਿੱਖਿਆ ਵਿਚ ਡੂੰਘਾ ਗਿਆਨ ਪ੍ਰਾਪਤ ਕੀਤਾ। ਆਪ ਨੂੰ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਵਿਚ ਨਿਪੁੰਨਤਾ ਹਾਸਿਲ ਸੀ।

ਗੁਰੂ ਤੇਗ਼ ਬਹਾਦਰ ਜੀ ਦਇਆ ਦੀ ਮੂਰਤ ਸਨ। ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ। ਵਿਆਹ ਸਮੇਂ ਆਪ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਸਾਰੀ ਬਰਾਤ ਜਾਣ ਲਈ ਬਾਹਰ ਦਰਵਾਜ਼ੇ ਵਿਚ ਖੜ੍ਹੀ ਸੀ। ਆਪ ਵੀ ਨਾਲ ਖੜ੍ਹੇ ਸਨ। ਉੱਥੇ ਆਪ ਨੇ ਇਕ ਨੰਗਾ ਭਿਖਾਰੀ ਬੱਚਾ ਵੇਖਿਆ ਤਾਂ ਆਪਣੇ ਤਨ ਦੇ ਸਾਰੇ ਕੱਪੜੇ ਉਤਾਰ ਕੇ ਉਸ ਭਿਖਾਰੀ ਨੂੰ ਪਹਿਨਾ ਦਿੱਤੇ। ਆਪ ਵਾਪਸ ਮਹਿਲਾਂ ’ਚ ਭੱਜ ਗਏ। ਮਾਤਾ ਜੀ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ‘ਮਾਤਾ ਜੀ ਮੈਨੂੰ ਤਾਂ ਹੋਰ ਮਿਲ ਜਾਣਗੇ। ਉਸ ਨੂੰ ਕਿਸ ਨੇ ਦੇਣੇ ਹਨ।’ ਆਪ ਜੀ ਦੇ ਇਹੋ ਜਿਹੇ ਸੁਬਾਹ ਨੂੰ ਦੇਖਦੇ ਹੋਏ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਿੰਘ ਜੀ ਕਿਹਾ ਕਰਦੇ ਸਨ ਕਿ ਇਹ ਮਹਾਂਪੁਰਖ ਗ੍ਰਹਿਸਤ ਜੀਵਨ ਵਿੱਚ ਰਹਿਕੇ ਵੈਰਾਗੀ ਬਣੇਗਾ ।

ਗੁਰੂ ਤੇਗ਼ ਬਹਾਦਰ ਜੀ ਇਕ ਬਹਾਦਰ ਯੋਧਾ ਵੀ ਸਨ । ਆਪ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਦੀ ਲੜਾਈ ਵਿੱਚ ਹਿੱਸਾ ਲਿਆ । ਆਪ ਜੀ ਨੇ ਯੁੱਧ ਵਿੱਚ ਡੱਟ ਕੇ ਵੈਰੀਆਂ ਦਾ ਮੁਕਾਬਲਾ ਕੀਤਾ ਅਤੇ ਆਪਣੇ ਤਲਵਾਰ ਚਲਾਉਣ ਦੇ ਜੌਹਰ ਵਿਖਾਏ । ਆਪ ਜੀ ਦੇ ਤਲਵਾਰ ਚਲਾਉਣ ਦੇ ਜੌਹਰ ਨੂੰ ਦੇਖਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ‘ਤਿਆਗ ਮੱਲ’ ਤੋਂ ‘ਤੇਗ਼ ਬਹਾਦਰ’ ਰੱਖ ਦਿੱਤਾ । ਯੁੱਧ ਵਿੱਚ ਜ਼ਖਮੀ ਹੋਏ ਸਿਪਾਹੀਆਂ ਨੂੰ ਦੇਖ ਕੇ ਗੁਰੂ ਤੇਗ਼ ਬਹਾਦਰ ਜੀ ਤੇ ਬਹੁਤ ਡੂੰਘਾ ਪ੍ਰਭਾਵ ਪਿਆ । ਗੁਰੂ ਜੀ ਨੇ ਸ਼ਸ਼ਤਰ ਤਾਂ ਨਹੀਂ ਤਿਆਗੇ ਪਰ ਆਪਣਾ ਜੀਵਨ ਬਤੀਤ ਕਰਨ ਦਾ ਢੰਗ ਬਦਲ ਲਿਆ ।

ਆਪ ਜੀ ਆਪਣੇ ਪਰਿਵਾਰ ਨਾਲ ਕਰਤਾਰਪੁਰ ਵਿਖੇ ਰਹਿਣ ਲੱਗੇ । ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਜੀ ਗੁਰੂ ਘਰ ਦੀ ਬਹੁਤ ਸੇਵਾ ਕਰਿਆ ਕਰਦੇ ਸਨ । ਭਾਈ ਲਾਲ ਚੰਦ ਤੇ ਓਹਨਾ ਦਾ ਪਰਿਵਾਰ ਗੁਰੂ ਘਰ ਦੇ ਪਿਆਰੇ ਸੇਵਕ ਸਨ । ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਦੀ ਬਹੁਤ ਸੇਵਾ ਕਰਿਆ ਕਰਦੇ ਸਨ । ਇਸ ਕਰਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਨੂੰ ਬਹੁਤ ਹੀ ਪਿਆਰੇ ਸਨ । ਇਸ ਲਈ ਦੋਨਾਂ ਪਰਿਵਾਰਾਂ ਨੇ ਮਿਲਕੇ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦਾ ਵਿਆਹ ਕਰਵਾ ਦਿੱਤਾ । ਵਿਆਹ ਤੋਂ 34 ਸਾਲ ਬਾਅਦ ਆਪ ਜੀ ਦੇ ਘਰ ਇੱਕ ਤੇਜਸਵੀ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਅਤੇ ਬਾਅਦ ਵਿੱਚ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜਾਣਿਆ ਗਿਆ ।

ਯੁੱਧ ਤੋਂ 2 ਸਾਲ ਬਾਅਦ ਆਪ ਜੀ ਆਪਣੀ ਪਤਨੀ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨਾਲ ਬਕਾਲੇ ਵਿਖੇ ਜਾ ਕੇ ਰਹਿਣ ਲੱਗ ਗਏ । ਇੱਥੇ ਆਕੇ ਗੁਰੂ ਜੀ ਨੇ 26 ਸਾਲ ਇੱਕ ਛੋਟੇ ਜਿਹੇ ਕਮਰੇ ਵਿੱਚ ਤੱਪਸਿਆ ਕੀਤੀ । ਬਕਾਲੇ ਦੇ ਨਿਵਾਸੀ ਗੁਰੂ ਜੀ ਤੇ ਓਹਨਾ ਦੇ ਪਰਿਵਾਰ ਦੀ ਬਹੁਤ ਸੇਵਾ ਕਰਿਆ ਕਰਦੇ ਸਨ । ਜਦੋ ਅੱਠਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤਿ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਓਹਨਾ ਨੇ ਜੋਤਿ ਜੋਤ ਸਮਾਉਂਦੇ ਸਮੇਂ ‘ਬਾਬਾ ਬਕਾਲੇ’ ਕਿਹਾ ਜਿਸਦਾ ਅਰਥ ਸੀ ਕਿ ਅਗਲੇ ਗੁਰੂ ਬਕਾਲੇ ਵਿਖੇ ਮਿਲਣਗੇ । ਜਦੋ ਧੀਰ ਮੱਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਕਾਲੇ ਵਿਖੇ ਜਾ ਕੇ ਆਪਣੇ ਨੌਵੇਂ ਗੁਰੂ ਹੋਣ ਦਾ ਝੂਠਾ ਦਿਖਾਵਾ ਕਰਨ ਲਗਿਆ ਅਤੇ ਧੀਰ ਮੱਲ ਨੂੰ ਦੇਖਦੇ ਹੋਏ ਹੀ ਓਥੇ ਹੋਰ 22 ਮੰਜਿਆਂ ਲੱਗ ਗਈਆਂ । ਮੱਖਣ ਸ਼ਾਹ ਲੁਬਾਣਾ ਨੇ ਅਸਲੀ ਨੌਵੇਂ ਗੁਰੂ ਨੂੰ ਲੱਭਿਆ । ਮੱਖਣ ਸ਼ਾਹ ਲੁਬਾਣਾ ਇੱਕ ਵਪਾਰੀ ਸੀ । ਓਹਨੇ ਆਪਣਾ ਜਹਾਜ ਪਾਣੀ ਵਿੱਚ ਡੁੱਬਣ ਤੋਂ ਬਚਾਉਣ ਲਈ ਅਰਦਾਸ ਕੀਤੀ ਸੀ ਅਤੇ 500 ਮੋਹਰਾਂ ਸੁੱਖੀਆਂ ਸਨ । ਜਦੋ ਉਹ ਆਪਣੀ ਸੁੱਖ ਪੂਰੀ ਕਰਨ ਆਇਆ ਤਾਂ ਉਹ 22 ਮੰਜਿਆਂ ਦੇਖ ਕੇ ਸ਼ਸ਼ੋਪੰਜ ਵਿੱਚ ਪੈ ਗਿਆ ਫਿਰ ਉਸਨੇ 2 – 2 ਮੋਹਰਾਂ ਰੱਖ ਕੇ ਸਭ ਅੱਗੇ ਮੱਥਾ ਟੇਕਿਆ ਉਸਨੇ ਸੋਚਿਆ ਸੀ ਕਿ ਜਿਹੜਾ ਅਸਲੀ ਗੁਰੂ ਹੋਊਗਾ ਉਸਨੇ 500 ਮੋਹਰਾਂ ਦੀ ਮੰਗ ਕਰ ਲੈਣੀ ਹੈ ਪਰ ਓਥੇ 22 ਮੰਜਿਆਂ ਵਿੱਚੋਂ ਕਿਸੇ ਨੇ ਵੀ 500 ਮੋਹਰਾਂ ਦੀ ਮੰਗ ਨਹੀਂ ਕੀਤੀ । ਮੱਖਣ ਸ਼ਾਹ ਨਿਰਾਸ਼ ਹੋ ਕੇ ਵਾਪਿਸ ਪਰਤ ਰਿਹਾ ਸੀ ਕਿ ਓਹਨੂੰ ਪਤਾ ਲਗਿਆ ਕਿ ਇੱਕ ਮਹਾਂਪੁਰਖ ਭੋਰੇ ਵਿੱਚ ਸਮਾਧੀ ਵਿੱਚ ਲੀਨ ਹੈ । ਮੱਖਣ ਸ਼ਾਹ ਲੁਬਾਣਾ ਭੋਰੇ ਵਿੱਚ ਜਾਂਦਾ ਹੈ ਅਤੇ ਗੁਰੂ ਜੀ ਦੇ ਅੱਗੇ ਵੀ 2 ਹੀ ਮੋਹਰਾਂ ਰੱਖਦਾ ਹੈ ਫਿਰ ਗੁਰੂ ਜੀ ਮੱਖਣ ਸ਼ਾਹ ਲੁਬਾਣਾ ਨੂੰ ਕਹਿੰਦੇ ਹਨ ਕਿ ਸਾਨੂੰ ਹਨ ਮੋਹਰਾਂ ਦਾ ਕੋਈ ਲਾਲਚ ਨਹੀਂ ਪਰ ਤੁਸੀਂ ਅਰਦਾਸ ਵਿੱਚ 500 ਸੁੱਖੀਆਂ ਸਨ ਇਸ ਲਈ ਉਹ 500 ਮੋਹਰਾਂ ਲੈਣਾ ਮੇਰਾ ਹੱਕ ਹੈ । ਇਹ ਸੁਣ ਕੇ ਮੱਖਣ ਸ਼ਾਹ ਲੁਬਾਣਾ ਸਮਾਜ ਗਿਆ ਕਿ ਇਹ ਹੀ ਨੌਵੇਂ ਗੁਰੂ ਹਨ । ਮੱਖਣ ਸ਼ਾਹ ਲੁਬਾਣਾ ਬਹੁਤ ਖੁਸ਼ ਹੋ ਗਿਆ ਅਤੇ ਓਹਨੇ ਕੋਠੇ ਉੱਤੇ ਚੜ ਕੇ ਉੱਚੀ ਉੱਚੀ ਰੋਲ ਪਾ ਦਿੱਤਾ ਗੁਰੂ ਲਾਧੋ ਰੇ , ਗੁਰੂ ਲਾਧੋ ਰੇ ਭਾਵ ਕੇ ਉਸਨੇ ਅਸਲੀ ਨੌਵੇਂ ਗੁਰੂ ਨੂੰ ਖੋਜ ਲਿਆ ਹੈ ਇਸ ਉਪਰੰਤ ਮੱਖਣ ਸ਼ਾਹ ਨੇ ਸੰਗਤਾਂ ਨੂੰ ਸਾਰੀ ਗੱਲ ਦੱਸੀ ਸਾਰੀ ਸੰਗਤ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ ।

ਗੁਰਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਨੇ ਇੱਕ ਨਵੇਂ ਨਗਰ ਦੀ ਸਥਾਪਨਾ ਲਈ ਕਹਿਲੂਰ ਦੇ ਰਾਜੇ ਤੋਂ ਜਮੀਨ ਖਰੀਦੀ ਅਤੇ ਓਥੇ ਚੱਕ ਨਾਨਕੀ ਨਾਮ ਦੇ ਨਗਰ ਦੀ ਸਥਾਪਨਾ ਕੀਤੀ ਜੋ ਕਿ ਵਰਤਮਾਨ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਆਪ ਜੀ ਨੇ ਧਰਮ ਪ੍ਰਚਾਰ ਲਈ ਕਈ ਦੇਸ਼ਾਂ ਵਿਦੇਸ਼ਾਂ ਵਿੱਚ ਯਾਤਰਾਵਾਂ ਕੀਤੀਆਂ ਅਤੇ ਸਿੱਖੀ ਦਾ ਪ੍ਰਚਾਰ ਕੀਤਾ । ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਵੀ ਆਪ ਜੀ ਧਰਮ ਪ੍ਰਚਾਰ ਲਈ ਅਸਾਮ ਗਏ ਹੋਏ ਸਨ । ਇਸ ਸਮੇਂ ਭਾਰਤ ਵਿੱਚ ਔਰੰਗਜ਼ੇਬ ਸਾਰੇ ਹਿੰਦੂਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਣ ਵਿੱਚ ਲਗਿਆ ਹੋਇਆ ਸੀ ਅਤੇ ਹਿੰਦੂਆਂ ਤੇ ਬਹੁਤ ਅੱਤਿਆਚਾਰ ਕਰ ਰਿਹਾ ਸੀ ।

ਇੱਕ ਵਾਰ ਆਪ ਜੀ ਕੋਲ ਕਸ਼ਮੀਰੀ ਪੰਡਿਤ ਫਰਿਆਦ ਲੈਕੇ ਆਏ ਕਿ ਓਹਨਾ ਦੀ ਔਰੰਗਜ਼ੇਬ ਤੋਂ ਰੱਖਿਆ ਕਰੋ ਉਹ ਜਬਰਨ ਹੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੇ ਲਗਿਆ ਹੋਇਆ ਹੈ ਤਾਂ ਆਪ ਜੀ ਨੇ ਕਿਹਾ ਕਿ ਇਸ ਅੱਤਿਆਚਾਰ ਨੂੰ ਰੋਕਣ ਲਈ ਕਿਸੇ ਮਹਾਨ ਸ਼ਖਸ਼ੀਅਤ ਦੀ ਕੁਰਬਾਨੀ ਦੀ ਜਰੂਰਤ ਹੈ ਤਾਂ ਕੋਲ ਬੈਠੇ ਆਪ ਜੀ ਦੇ ਪੁੱਤਰ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਆਪ ਨਾਲੋਂ ਮਹਾਨ ਤਾਂ ਕੋਈ ਨਹੀਂ ਹੈ । ਆਪਣੇ ਪੁੱਤਰ ਦੇ ਮੂੰਹੋਂ ਇਹ ਬੋਲ ਸੁਣ ਕੇ ਆਪ ਬਹੁਤ ਪ੍ਰਸੰਨ ਹੋਏ ਅਤੇ ਕੁਰਬਾਨੀ ਦੇਣ ਲਈ ਤਿਆਰ ਹੋ ਗਏ । ਆਪ ਦੇ ਕਹਿਣ ਤੇ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਕਿ ਜੇਕਰ ਸਾਡੇ ਗੁਰੂ ਜੀ ਧਰਮ ਆਪਣਾ ਲੈਣ ਗਏ ਤਾਂ ਅਸੀਂ ਵੀ ਆਪਣਾ ਲਵਾਂਗੇ । ਇਹ ਪੱਤਰ ਪੜ੍ਹਣ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਅਤੇ ਮੁਸਲਮਾਨ ਧਰਮ ਅਪਨਾਉਣ ਲਈ ਕਿਹਾ । ਗੁਰੂ ਜੀ ਦੇ ਮਨਾ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਜੀ ਨੂੰ ਬਹੁਤ ਤਸੀਹੇ ਦਿੱਤੇ । ਅੰਤ 1675 ਈ ਨੂੰ ਆਪ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਜੀ ਦੀ ਸ਼ਹੀਦੀ ਦਾ ਸਿੱਖਾਂ ਤੇ ਬਹੁਤ ਡੂੰਘਾ ਪ੍ਰਭਾਵ ਪਿਆ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਾਂਚ ਲਿਆ ਸੀ ਕਿ ਹੁਣ ਜ਼ੁਲਮ ਦੇ ਵਿਰੁੱਧ ਹਥਿਆਰ ਚੁੱਕੇ ਬਿਨਾਂ ਗੁਜਾਰਾ ਨਹੀਂ ਹੈ ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ



Scroll to Top