ਭਾਜਪਾ ਮੈਂਬਰ ਰਚਨਾਤਮਕ ਤਰੀਕੇ ਨਾਲ ਸੋਚਣ ਅਤੇ ਸਰਹੱਦੀ ਪਿੰਡਾਂ ਨੂੰ ਪਾਰਟੀ ਦਾ ਗੜ੍ਹ ਬਣਾਉਣ : ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 03 September, 2024, 08:57 AM

ਭਾਜਪਾ ਮੈਂਬਰ ਰਚਨਾਤਮਕ ਤਰੀਕੇ ਨਾਲ ਸੋਚਣ ਅਤੇ ਸਰਹੱਦੀ ਪਿੰਡਾਂ ਨੂੰ ਪਾਰਟੀ ਦਾ ਗੜ੍ਹ ਬਣਾਉਣ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਨ੍ਹਾਂ ’ਚੋਂ ਕੁੱਝ ਪਾਰਟੀਆਂ ਅਜਿਹੀਆਂ ਉਦਾਹਰਣਾਂ ਹਨ ਕਿ ਜਦੋਂ ਸਿਆਸੀ ਜਥੇਬੰਦੀਆਂ ਅੰਦਰੂਨੀ ਲੋਕਤੰਤਰ ਦੀ ਪਾਲਣਾ ਨਹੀਂ ਕਰਦੀਆਂ, ਤਾਂ ਕੀ ਹੁੰਦਾ ਹੈ। ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਭਾਜਪਾ ਇਸ ਮੁਹਿੰਮ ਰਾਹੀਂ ਖੁਦ ਨੂੰ ਹੋਰ ਮਜ਼ਬੂਤ ਕਰੇਗੀ ਤਾਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਹੋਵੇਗਾ। ਉਨ੍ਹਾਂ ਭਾਜਪਾ ਮੈਂਬਰਾਂ ਨੂੰ ਰਚਨਾਤਮਕ ਤਰੀਕੇ ਨਾਲ ਸੋਚਣ ਅਤੇ ਸਰਹੱਦੀ ਪਿੰਡਾਂ ਨੂੰ ਪਾਰਟੀ ਦਾ ਗੜ੍ਹ ਬਣਾਉਣ ਲਈ ਕਿਹਾ।
ਹਰ ਛੇ ਸਾਲ ਬਾਅਦ ਚਲਾਈ ਜਾਣ ਵਾਲੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਮੌਜੂਦਾ ਮੈਂਬਰਾਂ ਦੀ ਮੈਂਬਰਸ਼ਿਪ ਨਵਿਆਈ ਜਾਂਦੀ ਹੈ ਅਤੇ ਨਵੇਂ ਮੈਂਬਰਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੋਦੀ ਨੂੰ ਪਹਿਲੇ ਮੈਂਬਰ ਵਜੋਂ ਨਾਮਜ਼ਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ 10 ਸਾਲ ਪਹਿਲਾਂ ਹੋਏ ਘੁਟਾਲਿਆਂ ਦੀਆਂ ਸੁਰਖੀਆਂ ਬਾਰੇ ਨਹੀਂ ਪਤਾ। ਉਨ੍ਹਾਂ ਪਾਰਟੀ ਆਗੂਆਂ ਨੂੰ ਮੈਂਬਰਸ਼ਿਪ ਮੁਹਿੰਮ ਤਹਿਤ 18 ਤੋਂ 25 ਸਾਲ ਦੇ ਉਮਰ ਵਰਗ ’ਤੇ ਧਿਆਨ ਦੇਣ ਲਈ ਕਿਹਾ। ਉਨ੍ਹਾਂ ਲੋਕ ਸਭਾ ਵਿੱਚ ਦੋ ਸੰਸਦ ਮੈਂਬਰਾਂ ਵਾਲੀ ਪਾਰਟੀ ਵਜੋਂ ਸ਼ੁਰੂਆਤ ਕਰਨ ਵਾਲੀ ਭਾਜਪਾ ਦੇ ਉਭਾਰ ਦਾ ਸਿਹਰਾ ਪਾਰਟੀ ਦੀ ਵਿਚਾਰਧਾਰਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਗਿਣਤੀ ਬਾਰੇ ਨਹੀਂ ਸਗੋਂ ਇਹ ਵਿਚਾਰਧਾਰਕ ਅਤੇ ਭਾਵਨਾਤਮਕ ਮੁਹਿੰਮ ਹੈ।ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਮੁੜ ‘ਭਾਰਤ ਵਿਜੈ’ ਅਤੇ ‘ਭਾਜਪਾ ਵਿਜੈ’ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪਾਰਟੀ ਨੂੰ ਮੁੜ ਸੁਰਜੀਤ ਕਰੇਗੀ।



Scroll to Top