ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ

ਦੁਆਰਾ: Punjab Bani ਪ੍ਰਕਾਸ਼ਿਤ :Friday, 22 November, 2024, 05:44 PM

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ
-ਕਿਸਾਨ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਮਾਹਰਾਂ ਦੀ ਰਾਏ ਅਨੁਸਾਰ ਹੀ ਕਰਨ : ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 22 ਨਵੰਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਬੀਜੀ ਕਣਕ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਮੂਹ ਬਲਾਕਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਬਲਾਕ ਦੇ ਖੇਤੀਬਾੜੀ ਬਲਾਕ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ ਤੇ ਖੇਤੀਬਾੜੀ ਉਪ ਨਿਰੀਖਣ ਖੇਤਾਂ ਵਿੱਚ ਜਾ ਕੇ ਬੀਜੀ ਕਣਕ ਦਾ ਸਰਵੇਖਣ ਕਰ ਰਹੇ ਹਨ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਾਮਾਤਰ ਹੀ ਹੈ, ਪਰ ਅਹਿਤਿਆਤ ਵਜੋਂ ਕਿਸਾਨ ਆਪਣੀ ਫ਼ਸਲ ਦਾ ਸਰਵੇਖਣ ਕਰਦੇ ਰਹਿਣ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਆਪਣੇ ਖੇਤ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਪਤਾ ਲੱਗੇ ਤਾਂ ਉਹ ਤੁਰੰਤ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰੇ । ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹਮੇਸ਼ਾ ਬੀਜ ਨੂੰ ਕੀਟਨਾਸ਼ਕ ਜਿਵੇ ਕਿ 160 ਮਿ. ਲਿ. ਕਲੋਰੋਪਾਇਫਰੀਫਾਸ ਜਾਂ 80 ਮਿ. ਲਿ. ਇਮਿਡਾਕਲੋਪਰਿਡ ਤੇ ਹੈਪਸਾਕੋਨਾਜੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਫਿਪਰੋਨਿਲ ਜਾਂ ਇਕ ਲਿਟਰ ਕਲੋਰੇਪਾਇਫਰੀਫਾਸ 20 ਈ.ਸੀਂ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿੱਟਾ ਦਿੱਤਾ ਜਾ ਸਕਦਾ ਹੈ ਜਾਂ ਇਸ ਦੇ ਬਦਲ ਵਜੋਂ 50 ਮਿ. ਲਿ. ਪ੍ਰਤੀ ਏਕੜ ਕੋਰਾਜ਼ਿਨ 18.5 ਐਸ.ਸੀ (ਕਲੋਰਐਟਰਾਨਿਲੀਪਰੋਲ) ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ । ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨ ਖੇਤਾਂ ਵਿੱਚ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਮਾਹਰਾਂ ਦੀ ਰਾਏ ਅਨੁਸਾਰ ਹੀ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣੇ ਨਜ਼ਦੀਕੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।



Scroll to Top