ਵਿਦਿਆਰਥੀਆਂ ਦਾ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਹੁਨਰ ਕਿਸੇ ਵੀ ਸੰਸਥਾ ਦੀ ਅਸਲ ਪਹਿਚਾਣ : ਰਾਜਪਾਲ ਗੁਲਾਬ ਚੰਦ ਕਟਾਰੀਆ
ਨਾਭਾ, 5 ਨਵੰਬਰ : ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਅੱਜ ਸਕੂਲ ਦਾ 66ਵਾਂ ਸਥਾਪਨਾ ਦਿਵਸ ਬੜੀ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਰਵਾਇਤੀ ਰੰਗਤ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਲਾਬ ਚੰਦ ਕਟਾਰੀਆ, ਮਾਣਯੋਗ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਸ਼ਿਰਕਤ ਕੀਤੀ । ਇਸ ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਸ੍ਰੀ ਗੁਲਾਬ ਚੰਦ ਕਟਾਰੀਆ, ਮਾਣਯੋਗ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਜੋ ਸਕੂਲ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਵੀ ਹਨ, ਦੀ ਰਸਮੀ ਆਮਦ ਨਾਲ ਹੋਇਆ। ਸਕੂਲ ਪਹੁੰਚਣ ’ਤੇ ਉਨ੍ਹਾਂ ਨੇ ਗਾਰਡ ਆਫ਼ ਆਨਰ ਤੋਂ ਸਲਾਮੀ ਲਈ ਅਤੇ ਅਨੁਸ਼ਾਸਨ, ਸੈਨਿਕ ਮਰਿਆਦਾ ਅਤੇ ਪੂਰੀ ਮੁਹਾਰਤ ਨਾਲ ਪੇਸ਼ ਕੀਤੇ ਗਏ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ।
ਸਕੂਲ ਦੇ ਹੈੱਡਮਾਸਟਰ ਡਾ. ਡੀ. ਸੀ. ਸ਼ਰਮਾ ਨੇ ਪ੍ਰਾਰਥਨਾ ਸਭਾ ਦਾ ਸੰਚਾਲਨ ਕਰਦਿਆਂ ਸਾਲਾਨਾ ਸਕੂਲ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਸਾਲ ਦੌਰਾਨ ਸੰਸਥਾ ਵੱਲੋਂ ਹਾਸਲ ਕੀਤੀਆਂ ਗਈਆਂ ਵੱਖ-ਵੱਖ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਸਕੂਲ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਦੀ ਤਰੱਕੀ ਅਤੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਵਾਲੇ ਸਰਪ੍ਰਸਤਾਂ ਪ੍ਰਤੀ ਡੂੰਘਾ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਰਨ ਉਪਰੰਤ ਸ਼੍ਰੀ ਰਾਮ ਸਿੰਘ, ਸਾਬਕਾ ਗਣਿਤ ਅਧਿਆਪਕ ਨੂੰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਸਕੂਲ ਪ੍ਰਤੀ ਵਿਲੱਖਣ ਯੋਗਦਾਨ ਅਤੇ ਸੇਵਾਵਾਂ ਲਈ ਰੋਲ ਆਫ਼ ਆਨਰ ਐਵਾਰਡ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪ੍ਰਦਾਨ ਕੀਤਾ ਗਿਆ। ਸਾਲ 2026 ਦੀ ਸੀਨੀਅਰ ਕਾਕ ਹਾਊਸ ਦੀ ਪ੍ਰੈਜ਼ੀਡੈਂਟ ਚੈਂਪੀਅਨਸ਼ਿਪ ਟਰਾਫ਼ੀ ਸੁਤਲੁਜ ਹਾਊਸ ਨੇ ਆਪਣੇ ਨਾਮ ਕੀਤੀ। ਇਸ ਪ੍ਰਾਪਤੀ ’ਤੇ ਹਾਊਸ ਦੇ ਵਿਦਿਆਰਥੀਆਂ ਨੂੰ ਹਾਜ਼ਰੀਨ ਵੱਲੋਂ ਭਰਪੂਰ ਤਾੜੀਆਂ ਨਾਲ ਵਧਾਈ ਦਿੱਤੀ ਗਈ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਵੰਨਗੀਆਂ ਨੇ ਸਮਾਰੋਹ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਜੋਸ਼ ਅਤੇ ਤਾਲਮੇਲ ਨਾਲ ਭਰਪੂਰ ਏਅਰੋਬਿਕਸ ਦੀ ਪੇਸ਼ਕਾਰੀ ਕੀਤੀ, ਜਦਕਿ ਸਕੂਲ ਬੈਂਡ ਨੇ ਆਪਣੀ ਬੇਮਿਸਾਲ ਅਤੇ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪੀ.ਪੀ.ਐੱਸ. ਦੇ ਘੋੜਸਵਾਰਾਂ ਨੇ ਆਪਣੇ ਦਲੇਰਾਨਾ ਅਤੇ ਹੈਰਾਨੀਜਨਕ ਘੋੜਸਵਾਰੀ ਦੇ ਕਰਤੱਬਾਂ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਖੂਬ ਵਾਹ-ਵਾਹ ਖੱਟੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਕੂਲ ਦੀ ਤਰੱਕੀ ਅਤੇ ਵਿਕਾਸ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮਾਗਮ ਦੇ ਸ਼ਾਨਦਾਰ ਆਯੋਜਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ ਘੋੜਸਵਾਰਾਂ ਦੇ ਹੁਨਰ, ਨਿਪੁੰਨਤਾ ਅਤੇ ਆਤਮ-ਵਿਸ਼ਵਾਸ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦਾ ਅਨੁਸ਼ਾਸਨ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕਰ ਗਿਆ ਹੈ।