ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਬਾਦਲ
ਫਤਿਹਗੜ੍ਹ ਸਾਹਿਬ/ਨਾਭਾ, 2 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਵਾਸਤੇ ਸਾਰੀ ਸਰਕਾਰੀ ਖਰੀਦ ਵਿਚ ’ਮੇਡ ਇਨ ਪੰਜਾਬ’ ਪ੍ਰਾਜੈਕਟਾਂ ਲਈ ਵਿਸ਼ੇਸ਼ ਕੋਟਾ ਰੱਖੇਗੀ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਦੇ ਮੈਂਬਰਾਂ ਨਾਲ ਸਫਲ ਮੀਟਿੰਗਾਂ ਕੀਤੀਆਂ, ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਵੱਡੀ ਪੱਧਰ ’ਤੇ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਹਨਾਂ ਵਰਗਾਂ ਦੀਆਂ ਸਾਰੀਆਂ ਨਵੀਂਆਂ ਇਕਾਈਆਂ ਨੂੰ ਸੂਬੇ ਦਾ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦੇਵਾਂਗੇ।
ਉਹਨਾਂ ਕਿਹਾ ਕਿ ਅਸੀਂ ਇੰਸਪੈਕਟਰੀ ਰਾਜ ਦਾ ਖ਼ਾਤਮਾ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਸੂਬੇ ਵਿਚ ਉਦਯੋਗਿਕ ਖੇਤਰ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਮਿਲੇਗੀ ਅਤੇ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਸਕੀਮ ਵਪਾਰੀਆਂ ਲਈ ਖ਼ਾਤੇ ਰੱਖਣ ਦੀ ਲੋੜ ਖ਼ਤਮ ਕਰੇਗੀ ਅਤੇ ਵਪਾਰੀ ਯਕਮੁਸ਼ਤ ਟੈਕਸ ਦੇ ਕੇ ਆਪਣਾ ਟੈਕਸ ਤਾਰਨ ਦੇ ਸਮਰਥ ਹੋਣਗੇ।
ਫਤਿਹਗੜ੍ਹ ਸਾਹਿਬ ਅਤੇ ਨਾਭਾ ਦੇ ਹਲਕਾ ਇੰਚਾਰਜਾਂ ਬਲਜੀਤ ਸਿੰਘ ਭੁੱਟਾ ਤੇ ਮੱਖਣ ਸਿੰਘ ਲਾਲਕਾ ਨੇ ਵਪਾਰੀਆਂ ਨਾਲ ਗੱਲਬਾਤ ਦੌਰਾਨ ਮੰਚ ਸੰਚਾਲਨ ਕੀਤਾ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਨਾਗਰਿਕਾਂ ’ਤੇ ਪੂਰਨ ਵਿਸ਼ਵਾਸ ਹੈ। ਅਸੀਂ ਇੰਸਪੈਕਟਰੀ ਰਾਜ ਨੂੰ ਹਮੇਸ਼ਾ ਹਮੇਸ਼ਾ ਵਾਪਸ ਖ਼ਤਮ ਕਰਾਂਗੇ। ਕੋਈ ਵੀ ਸਰਕਾਰੀ ਅਫਸਰ ਤੁਹਾਡੇ ਅਦਾਰਿਆਂ ਵਿਚ ਆ ਕੇ ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ।