ਬਰਮਿੰਘਮ ਦੀਆਂ ਸੰਗਤਾਂ ਵੱਲੋਂ ਬਾਬਾ ਬਲਬੀਰ ਸਿੰਘ ਦਾ ਇੰਗਲੈਂਡ ਏਅਰਪੋਰਟ ਤੇ ਜੈਕਾਰਿਆਂ ਨਾਲ ਭਰਵਾਂ ਸਵਾਗਤ
ਅੰਮ੍ਰਿਤਸਰ, 21 ਅਗਸਤ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇਸ਼ ਵਿਦੇਸ਼ ਵਿੱਚ ਧਰਮ ਪ੍ਰਚਾਰ ਪ੍ਰਸਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਅੱਜ ਬਰਮਿੰਘਮ ਏਅਰਪੋਰਟ ਇੰਗਲੈਂਡ ਵਿਖੇ ਬੁੱਢਾ ਦਲ ਦੇ ਕੋਲ ਸਿੱਖ ਗੁਰੂਆਂ, ਸਾਹਿਬਜ਼ਾਦਿਆਂ, ਗੁਰੂ ਮਹਿਲਾਂ ਅਤੇ ਸਿੱਖ ਜਰਨੈਲਾਂ ਦੇ ਪੁਰਾਤਨ ਇਤਿਹਾਸਿਕ ਸ਼ਸਤ੍ਰਾਂ ਸਮੇਤ ਪੁਜੇ। ਏਅਰਪੋਰਟ ਤੇ ਪੁੱਜਣ ਤੇ ਉਨ੍ਹਾਂ ਦਾ ਇੰਗਲੈਂਡ ਦੀ ਸਥਾਨਕ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਅਤੇ ਸਿਰਪਾਓ ਨਾਲ ਭਰਵਾ ਨਿੱਘਾ ਸੁਆਗਤ ਕੀਤਾ ਅਤੇ ਜੀ ਆਇਆ ਕਿਹਾ ਗਿਆ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਦਸਿਆ ਕਿ ਇੰਗਲੈਂਡ ਦੀ ਧਰਤੀ ਤੇ ਪਹੁੰਚੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਵੱਲੋਂ ਜਥੇਦਾਰ ਬਾਬਾ ਬਲਬੀਰ ਸਿੰਘ ਜਥੇ ਸਮੇਤ ਯੂ.ਕੇ. ਦੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਲੰਡਨ, ਬਰਮਿੰਘਮ, ਲੀਡਜ਼, ਮਾਨਚੈਸਟਰ ਅਤੇ ਵੈਸਟ ਮਿਡਲੈਂਡਜ਼ ਦੇ ਗੁਰਦੁਆਰਾ ਸਾਹਿਬਾਨ ਵਿੱਚ ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦ ਸਿੰਘਾਂ ਦੇ ਪਵਿੱਤਰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਉਣਗੇ ਅਤੇ ਉਨ੍ਹਾਂ ਨਾਲ ਸਬੰਧਿਤ ਇਤਿਹਾਸਕ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।