ਸ਼੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਸ਼੍ਰੀ ਮਹਾ ਪੰਜਾਬ ਸੇਵਾ ਸੰਘ ਵੱਲੋਂ ਅਪਾਹਜ ਆਸ਼ਰਮ ਵਿੱਚ ਧੂਮ-ਧਾਮ ਨਾਲ ਮਨਾਈ ਗਈ ਹੋਲੀ
ਇਸ ਖੁਸ਼ੀ ਦੇ ਮੌਕੇ ‘ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੇਅਰ ਨੇ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨਾਲ ਹੋਲੀ ਖੇਡੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲੀ ਤਿਉਹਾਰ ਉਹੀ ਹੈ ਜੋ ਲੋੜਵੰਦਾਂ ਦੇ ਚਿਹਰਿਆਂ ‘ਤੇ ਮੁਸਕਾਨ ਲੈ ਕੇ ਆਵੇ।
ਮੇਅਰ ਕੁੰਦਨ ਗੋਗੀਆ ਨੇ ਹੋਰ ਕਿਹਾ ਕਿ ਤਿਉਹਾਰਾਂ ਦੀ ਅਸਲੀ ਖ਼ੁਸ਼ੀ ਸਾਂਝੀਵਾਲਤਾ ਵਿੱਚ ਹੀ ਹੈ। ਉਹਨਾਂ ਕਿਹਾ ਕਿ ਇਸ ਆਸ਼ਰਮ ਵਿੱਚ ਆ ਕੇ ਜੋ ਸਕੂਨ ਮਿਲਿਆ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸਮਾਜ ਦੇ ਲੋੜਵੰਦ ਅਤੇ ਅਪਾਹਜ ਵੀਰਾਂ-ਭੈਣਾਂ ਨਾਲ ਹੋਲੀ ਮਨਾਉਣਾ ਸਾਨੂੰ ਇਨਸਾਨੀਅਤ ਦੀ ਸੇਵਾ ਦਾ ਸਬਕ ਦਿੰਦਾ ਹੈ।” ਮੇਅਰ ਨੇ ਅੱਗੇ ਕਿਹਾ ਕਿ ਸ਼੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਮਹਾ ਪੰਜਾਬ ਸੇਵਾ ਸੰਘ ਵਰਗੀਆਂ ਸੰਸਥਾਵਾਂ ਪਟਿਆਲਾ ਦੀ ਸ਼ਾਨ ਹਨ, ਜੋ ਹਰ ਖ਼ੁਸ਼ੀ ਦੇ ਮੌਕੇ ‘ਤੇ ਅਜਿਹੇ ਨੇਕ ਕਾਰਜ ਕਰਦੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤਾਂ ਜੋ ਸ਼ਹਿਰ ਦੇ ਹਰ ਵਰਗ ਤੱਕ ਖ਼ੁਸ਼ੀਆਂ ਪਹੁੰਚਾਈਆਂ ਜਾ ਸਕਣ।