ਪੈਨਸ਼ਨ ਕਿਸ਼ਤਾਂ 'ਚ ਪਾਉਣ 'ਤੇ ਪੀ. ਆਰ. ਟੀ. ਸੀ. ਪੈਨਸ਼ਨਰਾਂ 'ਚ ਰੋਸ, ਬਕਾਇਆਂ ਦੀ ਕੀਤੀ ਮੰਗ
ਪੈਨਸ਼ਨ ਕਿਸ਼ਤਾਂ ‘ਚ ਪਾਉਣ ‘ਤੇ ਪੀ. ਆਰ. ਟੀ. ਸੀ. ਪੈਨਸ਼ਨਰਾਂ ‘ਚ ਰੋਸ, ਬਕਾਇਆਂ ਦੀ ਕੀਤੀ ਮੰਗ
ਸਾਨੂੰ ਮੈਨਜਮੈਂਟ ਸੰਘਰਸ਼ ਲਈ ਮਜਬੂਰ ਨਾ ਕਰੇ : ਚਮਕ
ਪਟਿਆਲਾ : ਅੱਜ ਇੱਥੇ ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਹਾਈ ਪਾਵਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਵੱਖ—ਵੱਖ ਡਿਪੂਆਂ ਦੇ ਨੁਮਾਇੰਦਿਆ ਨੇ ਹਾਜ਼ਰੀ ਭਰੀ । ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਹਾਜ਼ਰੀਨ ਨੇ ਮੈਨੇਜਮੈਂਟ ਵੱਲੋਂ ਪਾਈ ਗਈ 70 % ਪੈਨਸ਼ਨ ਦਾ ਵਿਰੋਧ ਕਰਦਿਆਂ ਰੋਸ ਪ੍ਰਗਟ ਕੀਤਾ । ਚੇਅਰਮੈਨ ਮੁਕੰਦ ਸਿੰਘ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਮੈਨੇਜਮੈਂਟ 70 % ਪੈਨਸ਼ਨ ਪਾ ਕੇ ਸਾਨੂੰ ਜਲੀਲ ਕਰ ਰਹੀ ਹੈ । ਉਹ ਸਾਡਾ ਸਬਰ ਨਾ ਪਰਖੇ ਤੇ ਸਾਨੂੰ ਪੂਰੀ ਪੈਨਸ਼ਨ ਤੇ ਬਕਾਏ ਲੈਣ ਲਈ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ । ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਅਸੀਂ ਤਾਂ ਦੇਰ ਤੋਂ ਰੁਕੇ ਹੋਏ ਬਕਾਏ ਲੈਣ ਦੀ ਮੰਗ ਕਰਦੇ ਹਾਂ ਪਰ ਮੈਨੇਜਮੈਂਟ ਤਾਂ ਪੈਨਸ਼ਨਰ ਵੀ ਕਿਸ਼ਤਾਂ ‘ਚ ਪਾ ਰਹੀ ਹੈ, ਉਨ੍ਹਾਂ ਨੇ ਹਾਜਰ ਨੁਮਾਇੰਦਿਆ ਨੂੰ ਕਿਹਾ ਕਿ ਆਪਣੇ ਬਕਾਏ ਅਤੇ ਪੈਨਸ਼ਨ ਪੂਰੀ ਤੇ ਸਮੇਂ ਸਿਰ ਲੈਣ ਲਈ ਆਪਾਂ ਨੂੰ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਕਰਨਾ ਪੈ ਸਕਦਾ ਹੈ । ਸੋ ਉਨ੍ਹਾਂ ਨੇ ਕਿਸੇ ਤਰ੍ਹਾਂ ਦੇ ਵੀ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ । ਉਨ੍ਹਾਂ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਰਹਿੰਦੀ 30 % ਪੈਨਸ਼ਨ ਅਤੇ ਰਹਿੰਦੇ ਬਕਾਏ ਜਿਵੇਂ ਕਿ ਰਹਿੰਦੇ ਡਿਪੂਆਂ ਦਾ 2016 ਦਾ ਬਕਾਇਆ, ਫੈਮਲੀ ਪੈਨਸ਼ਨ ਤੇ ਮੈਡੀਕਲ ਬਿਲਾਂ ਦੀ ਅਦਾਇਗੀ ਬਹੁਤ ਜਰੂਰੀ ਹਨ ਇਹ ਪੈਸੇ ਤੁਰੰਤ ਪਾਏ ਜਾਣ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ । ਇਸ ਮੌਕੇ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਅਮੋਲਕ ਸਿੰਘ ਕੈਸ਼ੀਅਰ, ਬਖਸ਼ੀਸ਼ ਸਿੰਘ ਦਫਤਰ ਸਕੱਤਰ, ਮਹਿੰਦਰ ਸਿੰਘ ਸੋਹੀ, ਸੂਰਜ ਭਾਨ ਸੀ. ਆਈ. ਪਟਿਆਲਾ ਡਿਪੂ, ਬਲਵੰਤ ਸਿੰਘ ਜੋਗਾ ਸੰਗਰੂਰ, ਰਾਜ ਸਿੰਘ ਬਠਿੰਡਾ, ਜਨਕ ਰਾਜ, ਹਰਭਜਨ ਸਿੰਘ ਬਰਨਾਲਾ, ਰਘਵੀਰ ਸਿੰਘ ਤੇ ਸੁਖਦੇਵ ਸਿੰਘ ਬੁਢਲਾਡਾ, ਅਨਵਰ ਖਾਨ ਲੁਧਿਆਣਾ, ਖੇਮ ਚੰਦ ਤੇ ਹਰਭਜਨ ਸਿੰਘ ਚੰਡੀਗੜ੍ਹ ਡਿਪੂ ਵੀ ਹਾਜਰ ਸਨ ।