ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਨੌਜਵਾਨ ਦੀ ਕੁੱਟਮਾਰ ਦੇ ਚਲਦਿਆਂ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Monday, 30 September, 2024, 12:16 PM

ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਨੌਜਵਾਨ ਦੀ ਕੁੱਟਮਾਰ ਦੇ ਚਲਦਿਆਂ ਹੋਈ ਮੌਤ
ਹਰੀਕੇਪਤਨ : ਪੰਜਾਬ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਬੂਹ ਹਵੇਲੀਆਂ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਨੌਜਵਾਨ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਉਪਰੰਤ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਮੁੰਡਾ ਸੀ, ਜਿਸ ਦਾ ਵਿਆਹ ਵੀ ਨਹੀਂ ਹੋਇਆ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੁਖਵੇਵ ਸਿੰਘ ਨੇ ਦੱਸਿਆ ਕਿ ਮੇਰਾ ਮੁੰਡਾ ਯੋਧਬੀਰ ਸਿੰਘ (21) ਪਿਛਲੇ 3 ਮਹੀਨੇ ਤੋਂ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਸੀ, ਜਿਸ ਦੀ ਕੇਂਦਰ ਸੰਚਾਲਕਾਂ ਨੇ ਬਹੁਤ ਕੁੱਟਮਾਰ ਕੀਤੀ ਅਤੇ ਅਣਪਛਾਤੇ ਮੁਲਜ਼ਮ ਜ਼ਖ਼ਮੀ ਹੋਏ ਯੋਧਬੀਰ ਨੂੰ ਕਾਰ ’ਚ ਪਾ ਕੇ ਘਰ ਨੇੜੇ ਚੋਹਲਾ ਸਾਹਿਬ ਸੁੱਟ ਗਏ । ਜ਼ਖਮਾਂ ਦੀ ਤਾਬ ਨਾ ਝੱਲਦਿਆਂ ਯੋਧਬੀਰ ਸਿੰਘ ਦਮ ਤੋੜ ਗਿਆ। ਵਾਰਸਾਂ ਵੱਲੋਂ ਇਹ ਮਾਮਲਾ ਜਿ਼ਲ੍ਹਾ ਪੁਲਸ ਮੁਖੀ ਗੌਰਵ ਤੂਰਾ ਦੇ ਧਿਆਨ ’ਚ ਲਿਆਂਦਾ ਗਿਆ ਹੈ । ਪੀੜਤਾਂ ਦੇ ਬਿਆਨਾਂ ’ਤੇ ਪੁਲਸ ਨੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ।