ਐਸ. ਡੀ. ਐਮ ਸੂਬਾ ਸਿੰਘ ਤੇ ਡੀ.ਐਸ.ਪੀ ਪਰਮਿੰਦਰ ਸਿੰਘ ਨੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਤਸ਼ਾਹਿਤ ਕੀਤਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 17 October, 2024, 04:53 PM

ਐਸ.ਡੀ.ਐਮ ਸੂਬਾ ਸਿੰਘ ਤੇ ਡੀ.ਐਸ.ਪੀ ਪਰਮਿੰਦਰ ਸਿੰਘ ਨੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਤਸ਼ਾਹਿਤ ਕੀਤਾ
ਸਬ ਡਵੀਜ਼ਨ ਮੂਨਕ ਦੇ ਪਿੰਡਾਂ ਵਿੱਚ ਲਗਾਤਾਰ ਮੁਸਤੈਦ ਰਹੀਆਂ ਚੌਕਸੀ ਟੀਮਾਂ
ਫ਼ਸਲਾਂ ਦੀ ਰਹਿੰਦ-ਖੂੰਹਦ ਸਾੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ‘ਤੇ ਫੌਰੀ ਬੁਝਾਈ ਅੱਗ
ਬੰਗਾ, ਬੁਸ਼ਹਰਾ, ਨਵਾਂ ਗਾਓਂ, ਅੰਨ ਦਾਣਾ, ਚਾਂਦੂ, ਮੰਡਵੀ, ਮਕਰੋੜ ਸਾਹਿਬ ਵਿਖੇ ਕੀਤਾ ਦੌਰਾ
ਮੂਨਕ, 17 ਅਕਤੂਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਬ ਡਵੀਜ਼ਨ ਮੂਨਕ ਦੇ ਪਿੰਡਾਂ ਵਿੱਚ ਉਪ ਮੰਡਲ ਮੈਜਿਸਟਰੇਟ ਸੂਬਾ ਸਿੰਘ ਅਤੇ ਡੀ.ਐਸ.ਪੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਚੌਕਸੀ ਟੀਮਾਂ ਕਾਫ਼ੀ ਮੁਸਤੈਦ ਰਹੀਆਂ ਅਤੇ ਖੇਤਾਂ ਵਿੱਚ ਝੋਨੇ ਦੀ ਨਾੜ ਤੇ ਪਰਾਲੀ ਨੂੰ ਸਾੜਨ ਜਿਹੀਆਂ ਮਾੜੀਆਂ ਕਾਰਵਾਈਆਂ ਨੂੰ ਫੌਰੀ ਠੱਲ੍ਹ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਸਹਾਇਤਾ ਲਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਸੂਬਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵੱਲੋਂ ਸਮੇਂ ਸਮੇਂ ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਉਹ ਪਿਛਲੇ ਕਈ ਦਿਨਾਂ ਤੋਂ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਕਿਸਾਨਾਂ ਨਾਲ ਤਾਲਮੇਲ ਕਰਦੇ ਹੋਏ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਸੁਚੇਤ ਕਰ ਰਹੇ ਹਨ । ਐਸ.ਡੀ.ਐਮ ਸੂਬਾ ਸਿੰਘ ਨੇ ਦੱਸਿਆ ਕਿ ਅੱਜ ਡੀਐਸਪੀ ਪਰਮਿੰਦਰ ਸਿੰਘ ਅਤੇ ਸਬੰਧਤ ਥਾਣਾ ਮੁਖੀ ਸਮੇਤ ਉਨ੍ਹਾਂ ਵੱਲੋਂ ਮੂਨਕ ਦੇ ਕਈ ਪਿੰਡਾਂ ਵਿੱਚ ਜਾਗਰੂਕਤਾ ਅਭਿਆਨ ਨੂੰ ਜਾਰੀ ਰੱਖਿਆ ਗਿਆ ਅਤੇ ਇਸ ਦੌਰਾਨ ਪਿੰਡ ਨਵਾਂ ਗਾਓਂ ਅਤੇ ਅੰਨ ਦਾਣਾ ਵਿਖੇ ਕਿਸੇ ਖੇਤ ਵਿੱਚ ਨਾੜ ਨੂੰ ਸਾੜੇ ਜਾਣ ਦੀ ਕਾਰਵਾਈ ਸਾਹਮਣੇ ਆਈ ਤਾਂ ਫੌਰੀ ਫਾਇਰ ਬਿਗ੍ਰੇਡ ਅਮਲੇ ਰਾਹੀਂ ਮੌਕੇ ਉਤੇ ਹੀ ਅੱਗ ਬੁਝਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਨੇ ਪਿੰਡ ਬੰਗਾ, ਬੁਸ਼ਹਰਾ, ਨਵਾਂ ਗਾਓਂ, ਅੰਨ ਦਾਣਾ, ਚਾਂਦੂ, ਮੰਡਵੀ, ਮਕਰੋੜ ਸਾਹਿਬ ਆਦਿ ਪਿੰਡਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਪ੍ਰਬੰਧਨ ਲਈ ਪ੍ਰੇਰਿਆ। ਇਸ ਸਮੇਂ ਨਾਇਬ ਤਹਿਸੀਲਦਾਰ ਖਨੌਰੀ ਰਾਜੇਸ਼ ਕੁਮਾਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ।