ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਗ੍ਰਿਫ਼ਤਾਰ

ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਗ੍ਰਿਫ਼ਤਾਰ
ਦੇਹਰਾਦੂਨ : ਉੱਤਰਾਖੰਡ ਦੇ ਅਲਮੋੜਾ ਜਿ਼ਲ੍ਹੇ ਵਿੱਚ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਲਮੋੜਾ ਦੇ ਐੱਸਐੱਸਪੀ ਦੇਵੇਂਦਰ ਪਿੰਚਾ ਨੇ ਦੱਸਿਆ ਕਿ ਭਗਵਤ ਸਿੰਘ ਬੋਰਾ ’ਤੇ ਇਕ 14 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਉਸ ਨੂੰ ਸ਼ਨਿਚਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਦੌਰਾਨ ਘਟਨਾ ਦਾ ਨੋਟਿਸ ਲੈਂਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਮਹੇਂਦਰ ਭੱਟ ਦੀਆਂ ਹਦਾਇਤਾਂ ’ਤੇ ਬੋਰਾ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬੋਰਾ ਪਾਰਟੀ ਦੀ ਬਲਾਕ ਇਕਾਈ ਦਾ ਪ੍ਰਧਾਨ ਸੀ। ਐੱਸਐੱਸਪੀ ਨੇ ਕਿਹਾ ਕਿ ਇਹ ਘਟਨਾ 24 ਅਗਸਤ ਨੂੰ ਸਾਲਟ ਰੈਵੇਨਿਊ ਇਲਾਕੇ ਵਿੱਚ ਵਾਪਰੀ ਸੀ ਅਤੇ ਇਸ ਸਬੰਧੀ ਜਾਣਕਾਰੀ 30 ਅਗਸਤ ਨੂੰ ਮਿਲੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਪੋਕਸੋ ਅਤੇ ਬੀਐੱਨਐੱਸ ਦੀ ਧਾਰਾ 74 ਤਹਿਤ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦਾ ਬਿਆਨ ਦਰਜ ਕਰਨ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ। ਭਾਜਪਾ ਦੇ ਸੂਬਾ ਪ੍ਰਧਾਨ ਭੱਟ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਅਜਿਹੇ ਅਪਰਾਧਾਂ ਸਬੰਧੀ ‘ਜ਼ੀਰੋ ਟੌਲਰੈਂਸ’ ਦੀ ਨੀਤੀ ਅਪਣਾ ਰਹੀ ਹੈ। ਉੱਧਰ, ਸੂਬਾ ਕਾਂਗਰਸ ਦੇ ਪ੍ਰਧਾਨ ਕਰਨ ਮਹਾਰਾ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਆਪਣੇ ਆਗੂਆਂ ਨੂੰ ਮਹਿਲਾਵਾਂ ’ਤੇ ਅੱਤਿਆਚਾਰ ਕਰਨ ਦਾ ਲਾਇਸੈਂਸ ਦਿੱਤਾ ਹੋਇਆ ਹੈ।
