ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ

ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀ ਕਾਰ ਹਸਪਤਾਲ ਦੇ ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ `ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ `ਨਬੰਨਾ ਅਭਿਆਨ` ਮਾਰਚ ਕੀਤਾ ਜਾ ਰਿਹਾ ਹੈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ `ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਉਨ੍ਹਾਂ `ਤੇ ਜਲ ਤੋਪਾਂ ਵੀ ਚਲਾਈਆਂ ਜਾ ਰਹੀਆਂ ਹਨ। ਹਾਵੜਾ ਦੇ ਸੰਤਰਾਗਾਚੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ। ਦੂਜੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੁਰੱਖਿਆ ਉਪਾਅ ਦੇ ਤੌਰ `ਤੇ ਹਾਵੜਾ ਪੁਲ `ਤੇ ਬੈਰੀਕੇਡਾਂ ਨੂੰ ਆਪਸ `ਚ ਜੋੜ ਦਿੱਤਾ ਗਿਆ ਹੈ। ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਰੀ ਰੋਸ ਦੇ ਵਿਚਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।ਇਸ ਸਬੰਧ `ਚ ਇੱਕ ਵਿਦਿਆਰਥੀ ਸੰਗਠਨ ਨੇ ਹਾਵੜਾ ਸਥਿਤ ਸਕੱਤਰੇਤ ਨਬੰਨਾ ਤੱਕ ਰੋਸ ਮਾਰਚ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦੇ ਮੱਦੇਨਜ਼ਰ ਅੱਜ ਸ਼ਹਿਰ `ਚ ਕੋਲਕਾਤਾ ਪੁਲਿਸ ਦੇ 6,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ।ਕੋਲਕਾਤਾ ਪੁਲਿਸ ਅਤੇ ਹਾਵੜਾ ਸਿਟੀ ਪੁਲਿਸ ਨੇ ਨਬੰਨਾ ਦੇ ਆਲੇ ਦੁਆਲੇ ਦੇ ਖੇਤਰ ਨੂੰ ਤਿੰਨ ਪਰਤਾਂ ਦੀ ਸੁਰੱਖਿਆ ਦੇ ਨਾਲ ਇੱਕ ਕਿਲੇ ਵਿੱਚ ਬਦਲ ਦਿੱਤਾ ਹੈ। 19 ਥਾਵਾਂ `ਤੇ ਬੈਰੀਕੇਡ ਲਗਾਏ ਗਏ ਹਨ, ਜਦਕਿ ਹੋਰ ਮਹੱਤਵਪੂਰਨ ਥਾਵਾਂ `ਤੇ ਪੰਜ ਐਲੂਮੀਨੀਅਮ ਬੈਰੀਕੇਡ ਲਗਾਏ ਗਏ ਹਨ। ਪੁਲਿਸ ਤੋਂ ਇਲਾਵਾ ਕੰਬੈਟ ਫੋਰਸ, ਹੈਵੀ ਰੇਡੀਓ ਫਲਾਇੰਗ ਸਕੁਐਡ (ਐੱਚ.ਆਰ.ਐੱਫ.ਐੱਸ.), ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.), ਕਵਿੱਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ ਵਾਟਰ ਕੈਨਨ ਨੂੰ ਤਾਇਨਾਤ ਕੀਤਾ ਗਿਆ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾਵੇਗੀ।
