ਭਾਰਤ ਅਤੇ ਵੀਅਤਨਾਮ ਨੇ ਦਿੱਤੀ ਆਪਣੇ ਰਣਨੀਤਕ ਸਬੰਧਾਂ ਨੂੰ ਵਿਸਤਾਰ ਦੇਣ ਲਈ ਕਾਰਜਯੋਜਨਾ ਨੂੰ ਮਨਜ਼ੂਰੀ : ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Friday, 02 August, 2024, 10:48 AM

ਭਾਰਤ ਅਤੇ ਵੀਅਤਨਾਮ ਨੇ ਦਿੱਤੀ ਆਪਣੇ ਰਣਨੀਤਕ ਸਬੰਧਾਂ ਨੂੰ ਵਿਸਤਾਰ ਦੇਣ ਲਈ ਕਾਰਜਯੋਜਨਾ ਨੂੰ ਮਨਜ਼ੂਰੀ
: ਮੋਦੀ
ਨਵੀਂ ਦਿੱਲੀ, 2 ਅਗਸਤ : ਭਾਰਤ ਅਤੇ ਵੀਅਤਨਾਮ ਨੇ ਆਪਣੇ ਰਣਨੀਤਕ ਸਬੰਧਾਂ ਨੂੰ ਵਿਸਤਾਰ ਦੇਣ ਲਈ ਅੱਜ ਇਕ ਕਾਰਜਯੋਜਨਾ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਯਮ ਆਧਾਰਤ ਹਿੰਦ-ਪ੍ਰਸ਼ਾਂਤ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿਕਾਸ ਦਾ ਸਮਰਥਨ ਕਰਦਾ ਹੈ, ਵਿਸਤਾਰਵਾਦ ਦਾ ਨਹੀਂ। ਇਹ ਟਿੱਪਣੀ ਖੇਤਰ ਵਿੱਚ ਚੀਨ ਦੇ ਫੌਜੀ ਰੁਖ਼ ਪ੍ਰਤੀ ਚਿੰਤਾਵਾਂ ਵਿਚਾਲੇ ਆਈ ਹੈ। ਮੋਦੀ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿਨ੍ਹ ਵਿਚਾਲੇ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਛੇ ਸਮਝੌਤਿਆਂ (ਐੱਮਓਯੂਜ਼) ’ਤੇ ਦਸਤਖ਼ਤ ਕੀਤੇ ਅਤੇ ਤਿੰਨ ਹੋਰ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ। ਇਹ ਫ਼ੈਸਲਾ ਵੀ ਲਿਆ ਗਿਆ ਕਿ ਭਾਰਤ ਵੱਲੋਂ ਵੀਅਤਨਾਮ ਨੂੰ 30 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਦੀ ਸਹੂਲਤ ਮੁਹੱਈਆ ਕੀਤੀ ਜਾਵੇਗੀ ਤਾਂ ਜੋ ਦੱਖਣ-ਪੂਰਬੀ ਏਸ਼ਿਆਈ ਦੇਸ਼ ਦੀ ਸਮੁੰਦਰੀ ਸੁਰੱਖਿਆ ਮਜ਼ਬੂਤ ਕੀਤੀ ਜਾ ਸਕੇ। ਇਸ ਦੌਰਾਨ ਡਿਜੀਟਲ ਭੁਗਤਾਨ ਕੁਨੈਕਟੀਵਿਟੀ ਸ਼ੁਰੂ ਕਰਨ ਲਈ ਦੋਵੇਂ ਦੇਸ਼ਾਂ ਦੇ ਕੇਂਦਰੀ ਬੈਂਕਾਂ ਵਿਚਾਲੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਚਿਨ੍ਹ ਮੰਗਲਵਾਰ ਰਾਤ ਨੂੰ ਤਿੰਨ ਦਿਨਾ ਦੌਰੇ ’ਤੇ ਦਿੱਲੀ ਪਹੁੰਚੇ ਸਨ। ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਦੋਵੇਂ ਦੇਸ਼ਾਂ ਵਿਚਾਲੇ ਵਿਆਪਕ ਰਣਨੀਤਕ ਸਬੰਧਾਂ ਨੂੰ ਹੋਰ ਅੱਗੇ ਵਧਾਉਣਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਨਾ ਤਰਾਂਗ ਸਥਿਤ ਟੈਲੀਕਮਿਊਨਿਕੇਸ਼ਨ ਯੂਨੀਵਰਸਿਟੀ ਵਿੱਚ ਇਕ ਆਰਮੀ ਸਾਫਟਵੇਅਰ ਪਾਰਕ ਦਾ ਡਿਜੀਟਲ ਤਰੀਕੇ ਨਾਲ ਉਦਘਾਟਨ ਕੀਤਾ। ਇਸ ਨੂੰ ਨਵੀਂ ਦਿੱਲੀ ਦੀ ਵਿਕਾਸ ਸਹਾਇਤਾ ਨਾਲ ਬਣਾਇਆ ਗਿਆ ਹੈ।