ਸ਼ਰਧਾਲੂਆਂ ਨਾਲ ਭਰੀ ਬੱਸ ’ਤੇ ਜੰਮੂ ’ਚ ਅੱਤਵਾਦੀ ਹਮਲਾ, 9 ਦੀ ਮੌਤ ਤੇ 33 ਜ਼ਖ਼ਮੀ

ਸ਼ਰਧਾਲੂਆਂ ਨਾਲ ਭਰੀ ਬੱਸ ’ਤੇ ਜੰਮੂ ’ਚ ਅੱਤਵਾਦੀ ਹਮਲਾ, 9 ਦੀ ਮੌਤ ਤੇ 33 ਜ਼ਖ਼ਮੀ
ਜੰਮੂ : ਜੰਮੂ ਡਵੀਜ਼ਨ ਦੇ ਰਿਆਸੀ ਜ਼ਿਲ੍ਹੇ ’ਚ ਸ਼ਿਵਖੋੜੀ ਧਾਮ ਦੇ ਦਰਸ਼ਨ ਕਰ ਕੇ ਪਰਤ ਰਹੀ ਸ਼ਰਧਾਲੂਆਂ ਦੀ ਬੱਸ ’ਤੇ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਪਹਿਲਾਂ ਬੱਸ ਡਰਾਈਵਰ ਅਤੇ ਬਾਅਦ ’ਚ ਬੱਸ ’ਚ ਸਵਾਰ ਸ਼ਰਧਾਲੂਆਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਪਿੱਛੋਂ ਬੱਸ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ ਜਿਸ ਨਾਲ 9 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 33 ਜਣੇ ਜ਼ਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਗਏ। ਕੁਝ ਹੀ ਸਮੇਂ ਬਾਅਦ ਸਥਾਨਕ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ, ਸੀਆਰਪੀਐੱਫ, ਫ਼ੌਜ ਦੇ ਜਵਾਨ ਤੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਦੱਸਿਆ ਜਾਂਦਾ ਹੈ ਕਿ ਸ਼ਰਧਾਲੂਆਂ ’ਚ ਜ਼ਿਆਦਾਤਰ ਯੂਪੀ, ਰਾਜਸਥਾਨ ਤੇ ਦਿੱਲੀ ਦੇ ਲੋਕ ਹਨ। ਉੱਧਰ, ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਅੱਤਵਾਦੀ ਜੱਥੇਬੰਦੀ ਨੇ ਨਹੀਂ ਲਈ।
