ਪੰਜਾਬੀ ਯੂਨੀਵਰਸਿਟੀ ਨੇ ਡਿਸਟੈਂਸ ਮੋਡ ਰਾਹੀਂ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ 'ਵਿਦਿਆਰਥੀ ਸਹਾਇਤਾ ਕੇਂਦਰਾਂ' ਰਾਹੀਂ ਦਾਖ਼ਲਾ ਲੈਣ ਦੀ ਦਿੱਤੀ ਪ੍ਰਵਾਨਗੀ

ਦੁਆਰਾ: Punjab Bani ਪ੍ਰਕਾਸ਼ਿਤ :Monday, 12 February, 2024, 06:08 PM

ਪੰਜਾਬੀ ਯੂਨੀਵਰਸਿਟੀ ਨੇ ਡਿਸਟੈਂਸ ਮੋਡ ਰਾਹੀਂ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ ‘ਵਿਦਿਆਰਥੀ ਸਹਾਇਤਾ ਕੇਂਦਰਾਂ’ ਰਾਹੀਂ ਦਾਖ਼ਲਾ ਲੈਣ ਦੀ ਦਿੱਤੀ ਪ੍ਰਵਾਨਗੀ

-ਪੜ੍ਹਨ-ਪੜ੍ਹਾਉਣ ਨਾਲ਼ ਸੰਬੰਧਤ ਹਰੇਕ ਸਹੂਲਤ ਨੂੰ ਵਿਦਿਆਰਥੀਆਂ ਦੀ ਪਹੁੰਚ ਵਿੱਚ ਲੈ ਕੇ ਜਾਣਾ ਸਾਡੀ ਤਰਜੀਹ: ਪ੍ਰੋ. ਅਰਵਿੰਦ

ਪਟਿਆਲਾ, 12 ਫਰਵਰੀ – ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਤੋਂ ਡਿਸਟੈਂਸ ਮੋਡ ਰਾਹੀਂ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ‘ਵਿਦਿਆਰਥੀ ਸਹਾਇਤਾ ਕੇਂਦਰਾਂ’ ਰਾਹੀਂ ਦਾਖ਼ਲਾ ਲੈਣ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹੁਣ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਸਥਿਤ ਇਨ੍ਹਾਂ ‘ਵਿਦਿਆਰਥੀ ਸਹਾਇਤਾ ਕੇਂਦਰਾਂ’ ਵਿੱਚ ਲਗਾਏ ਜਾ ਰਹੇ ਇੱਕ ਦਿਨਾ ਕੈਂਪ ਵਿੱਚ ਪਹੁੰਚ ਕੇ ਦਾਖ਼ਲਾ ਲੈ ਸਕਣਗੇ
ਪ੍ਰੋ. ਅਰਵਿੰਦ ਨੇ ਕਿਹਾ ਕਿ ਪੜ੍ਹਨ-ਪੜ੍ਹਾਉਣ ਨਾਲ਼ ਸੰਬੰਧਤ ਹਰੇਕ ਸਹੂਲਤ ਨੂੰ ਵਿਦਿਆਰਥੀਆਂ ਦੀ ਪਹੁੰਚ ਵਿੱਚ ਲੈ ਕੇ ਜਾਣਾ ਅਤੇ ਯੂਨੀਵਰਸਿਟੀ ਦੀਆਂ ਸਮੁੱਚੀਆਂ ਸੇਵਾਵਾਂ ਨੂੰ ਵਿਦਿਆਰਥੀ ਕੇਂਦਰਿਤ ਬਣਾਉਣਾ ਹਮੇਸ਼ਾ ਹੀ ਸਾਡੀ ਤਰਜੀਹ ਰਹੀ ਹੈ। ਇਸੇ ਲੜੀ ਵਿੱਚ ਹੁਣ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਨੂੰ ਸਿੱਧਾ ਲਾਭ ਪਹੁੰਚੇਗਾ ਜੋ ਯੂਨੀਵਰਸਟੀ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਤਾਂ ਹਨ ਪਰ ਉਹ ਆਪਣੀ ਕਿਸੇ ਮਜ਼ਬੂਰੀਵੱਸ ਮੁੱਖ ਕੈਂਪਸ ਪਟਿਆਲਾ ਨਹੀਂ ਆ ਸਕਦੇ।
ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਡਾ. ਹਰਵਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਇਨ੍ਹਾਂ ਵਿਦਿਆਰਥੀ ਸਹਾਇਤਾ ਕੇਂਦਰਾਂ ਵਿਖੇ ਦਾਖ਼ਲਿਆਂ ਨਾਲ਼ ਸਬੰਧਤ ਕਾਊਂਸਲਿੰਗ ਕੈਂਪ ਲਗਾਏ ਜਾਣੇ ਹਨ। ਇਹ ਕੈਂਪ ਫਰਵਰੀ 2024 ਦੇ ਤੀਜੇ ਅਤੇ ਚੌਥੇ ਹਫਤੇ ਦੌਰਾਨ ਲਗਾਏ ਜਾਣਗੇ। ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਅਤੇ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ, ਦੇਹਲਾ ਸੀਂਹਾ ਵਿਖੇ 15 ਫਰਵਰੀ ਨੂੰ, ਪੋਸਟ ਗ੍ਰੈਜੂਏਟ ਸਟੱਡੀਜ਼ ਰਿਜਨਲ ਸੈਂਟਰ, ਬਠਿੰਡਾ ਅਤੇ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਵਿਖੇ 20 ਫਰਵਰੀ ਨੂੰ, ਯੂਨੀਵਰਸਿਟੀ ਕਾਲਜ ਬਰਨਾਲਾ ਅਤੇ ਐੱਸ. ਐੱਸ.ਡੀ. ਕਾਲਜ ਬਰਨਾਲਾ ਵਿਖੇ 22 ਫਰਵਰੀ ਨੂੰ ਇਹ ਕੈਂਪ ਲਗਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਡਿਸਟੈਂਸ ਮੋਡ ਦੇ ਦਾਖਲਿਆਂ ਦੀ ਬਿਨਾ ਲੇਟ ਫੀਸ ਅੰਤਿਮ ਮਿਤੀ 29 ਫਰਵਰੀ 2024 ਹੈ। ਦਾਖਲਿਆਂ ਸਬੰਧੀ ਵਧੇਰੇ ਜਾਣਕਾਰੀ ਸੈਂਟਰ ਦੀ ਵੈਬਸਾਈਟ ਉੱਤੇ ਉਪਲਬਧ ਹੈ।
ਵਰਨਣਯੋਗ ਹੈ ਕਿ ,ਇਹ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਦਾਖ਼ਲੇ ਹੁਣ ਤੋਂ ਸਾਲ ਵਿਚ ਦੋ ਵਾਰ (ਜਨਵਰੀ ਅਤੇ ਜੁਲਾਈ ਵਿੱਚ) ਹੋਇਆ ਕਰਨਗੇ। ਇਹ ਦਾਖ਼ਲੇ ਐਂਟਰੀ ਪੁਆਇੰਟ (ਸਮੈਸਟਰ ਪਹਿਲਾ) ਨਾਲ਼ ਸੰਬੰਧਤ ਹੋਣਗੇ। ਸੈਸ਼ਨ 2023-24 ਦੇ ਜਨਵਰੀ 2024 ਲਈ ਬੀ.ਏ., ਬੀ.ਕੌਮ.,ਬੀ.ਲਿਬ., ਐੱਮ. ਏ. ਅੰਗਰੇਜ਼ੀ, ਐੱਮ. ਏ. ਐਜੂਕੇਸ਼ਨ, ਐੱਮ. ਏ. ਪੱਤਰਕਾਰੀ ਅਤੇ ਜਨਸੰਚਾਰ, ਅਤੇ ਐਮ.ਬੀ.ਏ. ਕੋਰਸਾਂ ਦੇ ਐਂਟਰੀ ਪੁਆਇੰਟ ਦੇ ਦਾਖਲੇ ਸ਼ੁਰੂ ਹਨ।