ਪੰਜਾਬੀ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੇ ਦੂਜੇ ਦਿਨ ਵੱਖ-ਵੱਖ ਵਿਸ਼ਿਆਂ ਉੱਤੇ ਹੋਈ ਗੰਭੀਰ ਵਿਚਾਰ ਚਰਚਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 December, 2024, 07:00 PM

ਪੰਜਾਬੀ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੇ ਦੂਜੇ ਦਿਨ ਵੱਖ-ਵੱਖ ਵਿਸ਼ਿਆਂ ਉੱਤੇ ਹੋਈ ਗੰਭੀਰ ਵਿਚਾਰ ਚਰਚਾ
ਪਟਿਆਲਾ, 11 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ’ ਵਿਸ਼ੇ ਅਧੀਨ ਕਰਵਾਈ ਜਾ ਰਹੀ 36ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਗਾਜ਼ ‘ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ : ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸੰਦਰਭ ’ਚ ਵਿਸ਼ੇ ਅਧੀਨ ਅਕਾਦਮਿਕ ਵਿਚਾਰ : ਚਰਚਾ : ਬੈਠਕ ਦੂਜੀ ਨਾਲ ਸੈਨੇਟ ਹਾਲ ਵਿਖੇ ਹੋਇਆ । ਵਿਭਾਗ ਮੁਖੀ ਡਾ. ਪਰਮਿੰਦਜੀਤ ਕੌਰ ਨੇ ਇਸ ਕਾਨਫਰੰਸ ਦੀ ਉਦਘਾਟਨੀ ਬੈਠਕ ਦਾ ਹਵਾਲਾ ਦਿੰਦਿਆਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਕਾਨਫਰੰਸ ਦੀਆਂ ਸਾਰੀਆਂ ਬੈਠਕਾਂ ਨੂੰ ਅਹਿਮ ਦੱਸਿਆ । ਉਹਨਾਂ ਕਿਹਾ ਕਿ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਇਹ ਕਾਨਫਰੰਸ ਨਵੇਂ ਮੁੱਦਿਆਂ ਅਤੇ ਵਿਸ਼ਿਆਂ ਨੂੰ ਨਾਲ ਲੈ ਕੇ ਪੜਾਅ-ਦਰ-ਪੜਾਅ ਅੱਗੇ ਵੱਲ ਅਗਰਸਰ ਹੈ । ਇਸ ਬੈਠਕ ਦੇ ਸਹਿ—ਸੰਯੋਜਕ ਡਾ. ਹਰਵਿੰਦਰ ਪਾਲ ਕੌਰ, ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੇ ਬੈਠਕ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਬੂਟਾ ਸਿੰਘ ਬਰਾੜ, ਵਿਸ਼ੇਸ਼ ਮਹਿਮਾਨ ਪ੍ਰੋ. ਸੁਖਵਿੰਦਰ ਸਿੰਘ ਸੰਘਾ, ਪੇਪਰ ਵਕਤਾਵਾਂ ਅਤੇ ਸਰੋਤਿਆਂ ਨੂੰ ‘ਜੀ ਆਇਆਂ ਨੂੰ’ ਆਖਿਆ । ਖੋਜ—ਪੱਤਰ ਵਕਤਾ ਡਾ. ਰਮਨਪ੍ਰੀਤ ਕੌਰ ਨੇ ਆਪਣੇ ਖੋਜ—ਪੱਤਰ ਵਿੱਚ ਆਦਿ ਕਾਲ ਤੋਂ ਪ੍ਰਵਾਸ ਕਰ ਰਹੇ ਲੋਕ ਆਪਣੀ ਮਾਂ—ਬੋਲੀ ਨੂੰ ਕਿਵੇਂ ਵਿਸਰਦੇ ਜਾਂਦੇ ਹਨ, ਇਸ ਬਾਰੇ ਗੱਲ ਕੀਤੀ। ਰੋਜ਼ੀ—ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਸਾਹਮਣੇ ਵੀ ਭਾਸ਼ਾ ਦਾ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ । ਆਪਣੀ ਮਾਂ—ਬੋਲੀ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਲਈ ਔਖਾ ਹੋ ਜਾਂਦਾ ਹੈ ।

ਡਾ. ਮਨਜਿੰਦਰ ਸਿੰਘ ਨੇ ਆਪਣੇ ਖੋਜ—ਪੱਤਰ ਰਾਹੀਂ ਗੁਰਬਾਣੀ ਦੀ ਰਚਨਾ ਸਮੇਂ ਵਰਤੀ ਜਾਂਦੀ ਲੋਕ ਭਾਸ਼ਾ ਵੱਲੋਂ ਕਿਵੇਂ ਪੰਜਾਬੀ ਨੂੰ ਸਮਕਾਲੀ ਸਮਾਜ ਵਿੱਚ ਜਿਉਂਦੇ ਰੱਖਿਆ ਗਿਆ ਹੈ, ਇਸ ਬਾਰੇ ਗੱਲ ਕੀਤੀ । ਉਹਨਾਂ ਭਗਤਾਂ ਦੀ ਬਾਣੀ ਨੂੰ ਭਾਰਤੀ ਅਧੁਨਿਕਤਾ ਦਾ ਮੁੱਢ ਦੱਸਿਆ। ਗੁਰਬਾਣੀ ਅਨੁਸਾਰ ਪ੍ਰਕਿਰਤੀ ਦੇ ਵਿਰੁੱਧ ਹੋਣ ਤੋਂ ਭਾਵ ਸੱਭਿਆਚਾਰ ਤੋਂ ਵਿਮੁੱਖ ਹੋਣਾ ਹੈ । ਉਹਨਾਂ ਕਿਹਾ ਕਿ ਬਾਬਾ ਫ਼ਰੀਦ ਜੀ ਵੱਲੋਂ ਸੂਫ਼ੀਆਨਾ ਕਲਾਮ ਲਿਖਣ ਨਾਲ ਹੀ ਇਸਲਾਮ ਦੀ ਅਧਿਆਤਮਿਕਤਾ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਸਾਰ ਹੋਇਆ। ਉਹਨਾਂ ਦੱਸਿਆ ਕਿ ਗੁਰਬਾਣੀ ਦੀ ਭਾਸ਼ਾ ਲੋਕ ਭਾਸ਼ਾ ਹੋਣ ਕਾਰਨ, ਇਸ ਵਿੱਚ ਧਾਰਮਿਕ ਕੱਟੜਤਾ ਨਹੀਂ ਪਾਈ ਜਾਂਦੀ । ਡਾ. ਸੋਹਣ ਸਿੰਘ ਨੇ ਆਪਣੇ ਖੋਜ ਪੱਤਰ ‘ਪੰਜਾਬੀ ਭਾਸ਼ਾ : ਇਤਿਹਾਸਕ ਪਰਿਪੇਖ, ਸਮਕਾਲੀ ਚਿੰਤਾ ਅਤੇ ਹੱਲ’ ਵਿੱਚ ਸਮਕਾਲੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ, ਇਹਨਾਂ ਨਾਲ ਨਜਿੱਠਣ ਲਈ ਸੁਝਾਵਾਂ ਦੀ ਗੱਲ ਕੀਤੀ। ਉਹਨਾਂ ਵਿਸ਼ਵੀਕਰਨ ਦੀਆਂ ਤਾਕਤਾਂ ਅਤੇ ਰੁਜ਼ਗਾਰ ਨਾਲ ਪੰਜਾਬੀ ਭਾਸ਼ਾ ਨੂੰ ਜੋੜਨ ਦਾ ਸੁਝਾਅ ਦਿੱਤਾ ਤਾਂ ਜੋ ਪੰਜਾਬੀ ਭਾਸ਼ਾ ਨਾਲ ਜੁੜੇ ਲੋਕ ਰੁਜ਼ਗਾਰ ਲੈਣ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਣ । ਉਹਨਾਂ ਪੰਜਾਬੀ ਸ਼ਬਦ ਜੋੜਾਂ ਦਾ ਇੱਕ ਮਿਆਰ ਸਥਾਪਤ ਕਰਨ ਦਾ ਸੁਝਾਅ ਦਿੱਤਾ । ਡਾ. ਜਸਵੀਰ ਕੌਰ ਨੇ ਆਪਣੇ ਖੋਜ ਪੱਤਰ ਵਿੱਚ ਪੰਜਾਬੀ ਭਾਸ਼ਾ ਦਾ ਇਤਿਹਾਸਿਕ ਪਿਛੋਕੜ, ਅਰਬੀ—ਫ਼ਾਰਸੀ ਭਾਸ਼ਾਵਾਂ ਦੇ ਹਵਾਲੇ ਨਾਲ ਸਰੋਤਿਆਂ ਦੇ ਸਨਮੁੱਖ ਰੱਖਿਆ । ਉਹਨਾਂ ਪੰਜਾਬੀ ਭਾਸ਼ਾ ਦਾ ਸੰਬੰਧ ਯੂਰਪੀ ਭਾਸ਼ਾਵਾਂ ਨਾਲ ਪਰਸਪਰ ਸੰਬੰਧਾਂ ਬਾਰੇ ਦੱਸਿਆ । ਡਾ. ਜਸਬੀਰ ਕੌਰ ਨੇ ਪੰਜਾਬੀ ਭਾਸ਼ਾ ਵਿੱਚ ਅਰਬੀ—ਫ਼ਾਰਸੀ ਸ਼ਬਦਾਵਲੀ ਦੇ ਰਲੇਵੇਂ ਦੀ ਗੱਲ ਕਹੀ, ਜਿਸ ਦਾ ਕਾਰਨ ਵਿਦੇਸ਼ੀ ਹਮਲਾਵਰ ਰਹੇ ਹਨ । ਡਾ. ਜੱਜ ਸਿੰਘ ਨੇ ਆਪਣੇ ਖੋਜ—ਪੱਤਰ ਵਿੱਚ ਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ।

ਪ੍ਰੋ. ਪਰਮਜੀਤ ਕੌਰ ਸਿੱਧੂ ਨੇ ਆਪਣੇ ਖੋਜ—ਪੱਤਰ ਵਿੱਚ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਸਾਡੀ ਨੈਤਿਕਤਾ ਦੇ ਨਵੀਨਤਾ ਵਿੱਚ ਪ੍ਰਵੇਸ਼ ਕਰਨ ਬਾਰੇ ਚਾਨਣਾ ਪਾਇਆ। ਉਹਨਾਂ ਪ੍ਰਵਾਸ ਦੀ ਵੱਧ ਰਹੀ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਪੰਜਾਬੀ ਸਾਹਿਤਕਾਰਾਂ ਅਤੇ ਲੇਖਕਾਂ ਵੱਲੋਂ ਪੰਜਾਬੀ ਸਮਾਜ ਵਿੱਚ ਨਿਭਾਈ ਜਾਂਦੀ ਭੂਮਿਕਾ ਅਹਿਮ ਹੈ । ਪੰਜਾਬੀ ਸਮਾਜ ਦੀ ਇਤਿਹਾਸਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ (ਪੰਜਾਬੀ ਸਾਹਿਤ ਦੇ ਸੰਰਦਭ ’ਚ) ਵਿਸ਼ੇ ਅਧੀਨ ਹੋਈ ਅਕਾਦਮਿਕ ਵਿਚਾਰ : ਚਰਚਾ : ਬੈਠਕ ਤੀਜੀ ਵਿੱਚ ਡਾ. ਕੁਲਦੀਪ ਸਿੰਘ ਨੇ ਆਪਣੇ ਖੋਜ—ਪੱਤਰ ਵਿੱਚ ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ ਦੇ ਸਮਕਾਲੀ ਪ੍ਰਸੰਗਾਂ ਬਾਰੇ ਚਾਨਣਾ ਪਾਉਂਦਿਆਂ ਇਸ ਦੇ ਸਾਹਿਤ ਦੇ ਸੰਦਰਭਾਂ ਬਾਰੇ ਗੱਲ ਕੀਤੀ । ਖੋਜਾਰਥਣ ਅਮਨਦੀਪ ਕੌਰ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਅਤੇ ਭਵਿੱਖ ਦੇ ਸਰੋਕਾਰ ਬਾਰੇ ਆਪਣੇ ਵਿਚਾਰ ਰੱਖੇ । ਇਸ ਬੈਠਕ ਦੇ ਸਮਾਨ—ਅੰਤਰ ਹੋ ਰਹੀ ਬੈਠਕ ਦੇ ਵਿਸ਼ੇਸ਼ ਮਹਿਮਾਨ ਡਾ. ਪਰਮਜੀਤ ਸਿੰਘ ਢੀਂਗਰਾ ਨੇ ਪੰਜਾਬੀ ਧੁਨੀ ਵਿਗਿਆਨ ਦੀ ਗੱਲ ਕਰਦਿਆਂ ਪਰੰਪਰਾ ਕੀ ਹੈ? ਬਾਰੇ ਸੋਚਣ ਦੀ ਲੋੜ ਬਾਰੇ ਜਾਗਰੂਕ ਹੋਣ ਤੇ ਜ਼ੋਰ ਦਿੱਤਾ। ਉਹ ਪੰਜਾਬੀ ਭਾਸ਼ਾ ਦੀ ਅਮੀਰ ਪਰੰਪਰਾ ਦੀ ਗੱਲ ਕੀਤੀ।

ਬੈਠਕ ਦੀ ਪ੍ਰਧਾਨਗੀ ਕਰ ਰਹੇ ਡਾ. ਬੂਟਾ ਸਿੰਘ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦਾ ਪਹਿਲਾ ਸੈਮੀਨਾਰ 1975 ਵਿੱਚ ਹੋਇਆ ਸੀ, ਜਿਸ ਦਾ ਵਿਸ਼ਾ ‘ਪੰਜਾਬੀ ਦੀਆਂ ਅਜੋਕੀਆਂ ਸਮੱਸਿਆਵਾਂ’ ਸੀ । ਉਹਨਾਂ ਇਸ ਬੈਠਕ ਵਿੱਚ ਪੇਸ਼ ਕੀਤੇ ਖੋਜ—ਪੱਤਰਾਂ ਤੇ ਸੰਖੇਪ ਅਤੇ ਸੰਕੇਤਕ ਗੱਲ ਬਾਤ ਕੀਤੀ । ਇਸ ਬੈਠਕ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਸੁਖਵਿੰਦਰ ਸਿੰਘ ਸੰਘਾ ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਾਨਫਰੰਸ ਦਾ ਵਿਸ਼ਾ ਚੁਣਨ ਲਈ ਮੁਬਾਰਕਬਾਦ ਦਿੱਤੀ । ਉਹਨਾਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣੂ ਕਰਵਾਉਂਦਿਆਂ ਇਹਨਾਂ ਚੁਣੌਤੀਆਂ ਦੇ ਹੱਲ ਸੁਝਾਏ । ਸਮਾਨ—ਅੰਤਰ ਬੈਠਕ ਦੇ ਪ੍ਰਧਾਨ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਇਸ ਕਾਨਫਰੰਸ ਵਿੱਚ ਵਿਦਿਆਰਥੀਆਂ/ਖੋਜਾਰਥੀਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਹਨਾਂ ਪੰਜਾਬੀ ਭਾਸ਼ਾ ਦੇ ਜਨਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਆਮ ਲੋਕਾਂ ਦੀ ਭਾਸ਼ਾ ਪਰੰਪਰਾ ਤੇ ਬੁੱਧੀਜੀਵੀਆਂ ਦੀ ਭਾਸ਼ਾ ਪਰੰਪਰਾ ਵਿੱਚ ਫ਼ਰਕ ਦੱਸਿਆ। ਉਹਨਾਂ ਪੁਰਾਤਨ ਪੰਜਾਬੀ ਨੂੰ ਆਮ ਲੋਕਾਂ ਦੇ ਜ਼ਿਆਦਾ ਨੇੜੇ ਦੱਸਿਆ । ਉਹਨਾਂ ਦੱਸਿਆ ਕਿ 1812 ਈਸਵੀ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਿਆਕਰਨ ਮਿਲਦੀ ਹੈ । ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ:ਸਮਕਾਲੀਨ ਪ੍ਰਸੰਗਿਕਤਾ (ਪੰਜਾਬੀ ਸੱਭਿਆਚਾਰ ਅਤੇ ਪਰਵਾਸੀ ਸੱਭਿਆਚਾਰ : ਮੀਡੀਆ ਅਤੇ ਕਲਾਵਾਂ ਦੇ ਸੰਦਰਭ ’ਚ) ਵਿਸ਼ੇ ਅਧੀਨ ਹੋਈ ਅਕਾਦਮਿਕ ਵਿਚਾਰ ਚਰਚਾ : ਬੈਠਕ ਚੌਥੀ ਦੇ ਸੰਯੋਜਕ ਡਾ. ਰਾਜਵੰਤ ਕੌਰ ਪੰਜਾਬੀ ਨੇ ਇਸ ਬੈਠਕ ਵਿੱਚ ਪ੍ਰਧਾਨਗੀ ਕਰ ਰਹੇ ਡਾ. ਇਕਬਾਲ ਸਿੰਘ ਗੋਦਾਰਾ, ਮੁੱਖ ਮਹਿਮਾਨ ਵਜੋਂ ਸ਼ਾਮਲ ਸਰਦਾਰ ਕਿਰਪਾਲ ਸਿੰਘ ਪੰਨੂ ਅਤੇ ਹਾਜ਼ਰ ਵਿਦਵਾਨਾਂ ਨੂੰ ਜੀ ਆਇਆਂ ਨੂੰ ਆਖਿਆ। ਉਹਨਾਂ ਲੋਰੀ ਕਾਵਿ ’ਤੇ ਆਪਣਾ ਖੋਜ—ਪੱਤਰ ਵੀ ਪੇਸ਼ ਕੀਤਾ ਜਿਸ ਵਿੱਚ ਉਹਨਾਂ ਨੇ ਲੋਰੀ ਦੇ ਸਿਧਾਂਤਕ ਪੱਖ, ਸਮਾਜਿਕ ਸੰਦਰਭ ਅਤੇ ਗਾਇਨ ਸ਼ੈਲੀਆਂ ਦਾ ਜਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਲੋਰੀ ਦੀ ਸਮਕਾਲੀਨ ਪ੍ਰਸੰਗਿਕਤਾ ਦੇ ਵਿੱਚ ਲੋਰੀ ਦੀ ਅੱਜ ਦੇ ਸਮੇਂ ਵਿੱਚ ਮਹੱਤਤਾ ਦਾ ਜ਼ਿਕਰ ਵੀ ਕੀਤਾ । ਇਸ ਬੈਠਕ ਦੇ ਖੋਜ—ਪੱਤਰ ਵਕਤਾ ਡਾ. ਵਰਿੰਦਰ ਕੌਰ ਨੇ ਆਪਣੇ ਖੋਜ ਪੱਤਰ ਵਿੱਚ ਮੀਡੀਆ ਅਤੇ ਪਰਵਾਸ ਦੀ ਗੱਲ ਕੀਤੀ ਜਿਸ ਵਿੱਚ ਉਹਲਾਂ ਨੇ ਪਰਵਾਸ ਦੇ ਅਰਥ, ਨੌਜਵਾਨਾਂ ਦੇ ਪਰਵਾਸ ਅਤੇ ਰੁਜ਼ਗਾਰ ਦੀ ਗੱਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਦਾ ਜ਼ਿੰਦਗੀ ਦੇ ਵਿੱਚ ਜੋ ਅਹਿਮ ਰੋਲ ਹੈ, ਉਸ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ।
ਡਾ. ਸੰਜੀਵਨ ਸਿੰਘ ਨੇ ਆਪਣੇ ਖੋਜ ਪੱਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਖ—ਵੱਖ ਦੇਸ਼ਾਂ ਵਿੱਚ ਨਾਵਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਉਹਨਾਂ ਨੇ ਬਾਣੀ ਦੇ ਹਵਾਲੇ ਨਾਲ ਆਪਣੀ ਗੱਲ ਕਹੀ। ਉਹਨਾਂ ਪੰਜਾਬੀ ਸੱਭਿਆਚਾਰ ਵਿੱਚ ਆਈ ਤਬਦੀਲੀ ਬਾਰੇ ਵੀ ਗੱਲ ਕੀਤੀ । ਖੋਜ ਪੱਤਰ ਵਕਤਾ ਡਾ. ਸਰੋਜ ਚਮਨ ਨੇ ਪੰਜਾਬ ਦੀਆਂ ਲੋਕ ਕਲਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਇਹਨਾਂ ਦੀ ਪੁਰਾਤਨਤਾ ਅਤੇ ਪੰਜਾਬੀ ਜੀਵਨ ਵਿੱਚ ਸਾਰਥਕਤਾ ਤੇ ਚਾਨਣਾ ਪਾਇਆ । ਡਾ. ਪਰਮਿੰਦਰਜੀਤ ਕੌਰ ਨੇ ਆਪਣੇ ਖੋਜ—ਪੱਤਰ ਰਾਹੀਂ ਅੰਦਰਲੇ ਆਪੇ ਨਾਲ ਜੁੜਦੇ ਅਨੁਭਵੀ ਸੱਭਿਆਚਾਰ ਨਾਲ ਜੁੜਨ ਦੀ ਗੱਲ ਕੀਤੀ । ਇਸ ਬੈਠਕ ਵਿੱਚ ਪ੍ਰਧਾਨਗੀ ਕਰ ਰਹੇ ਡਾ. ਇਕਬਾਲ ਸਿੰਘ ਗੋਦਾਰਾ ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਅਜੋਕੇ ਸਮੇਂ ਵਿੱਚ ਇਸ ਦੀ ਅਹਿਮ ਲੋੜ ਬਾਰੇ ਦੱਸਿਆ। ਉਹਨਾਂ ਇਸ ਬੈਠਕ ਵਿੱਚ ਪੜ੍ਹੇ ਗਏ ਖੋਜ—ਪੱਤਰਾਂ ਦੇ ਕੇਂਦਰ ਬਿੰਦੂ ਬਾਰੇ ਗੱਲ ਕਰਦਿਆਂ ਅੱਜ ਦੇ ਸਮੇਂ ਅਜਿਹੀ ਗੱਲ ਦੀ ਲੋੜ ਦਾ ਜ਼ਿਕਰ ਕੀਤਾ । ਪਹਿਲੇ ਦਿਨ ਦੇ ਅਕਾਦਮਿਕ ਸੈਸ਼ਨਾਂ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ, ਸਾਬਕਾ ਡੀਨ, ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਡਾ. ਕੁਲਦੀਪ ਸਿੰਘ, ਡਾ. ਓਅੰਕਾਰ ਸਿੰਘ, ਡਾ. ਨਿਵੇਦਿਤਾ ਸਿੰਘ, ਪ੍ਰੋ. ਬਲਵਿੰਦਰ ਕੌਰ ਸਿੱਧੂ ਡੀਨ, ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪ੍ਰੋ. ਸਵਰਾਜ ਰਾਜ, ਡਾ. ਸੁਰਜੀਤ ਸਿੰਘ ਭੱਟੀ, ਡਾ. ਮਨਮੋਹਨ, ਡਾ. ਦੀਪਕ ਕੁਮਾਰ ਆਦਿ ਨੇ ਆਪਣੇ ਵਿਚਾਰ ਪ੍ਰਗਟਾਏ । ਇਸ ਕਾਨਫਰੰਸ ਦੌਰਾਨ ਸੱਭਿਆਚਾਰਿਕ ਸ਼ਾਮ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਹਿਲੇ ਦਿਨ ਨਾਟਕ ‘ਏਵਮ ਇੰਦਰਜੀਤ’ ਦਾ ਮੰਚਨ ਕੀਤਾ ਗਿਆ। ਅਨੁਵਾਦਕ ਅਤੇ ਨਿਰਦੇਸ਼ਕ ਪ੍ਰੋ. ਜਸਪਾਲ ਕੌਰ ਦਿਉਲ ਅਤੇ ਨਾਟਕਕਾਰ ਬਾਦਲ ਸਰਕਾਰ ਦੇ ਇਸ ਨਾਟਕ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ ਗਿਆ ।



Scroll to Top