ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤੀ ਦਿੱਲੀ ਵਿਚ ਤਾਇਨਾਤ ਫੌਜ ਦੇ ਜਵਾਨ ਦੇ ਘਰ ਦੀ ਛਾਣਬੀਣ
ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤੀ ਦਿੱਲੀ ਵਿਚ ਤਾਇਨਾਤ ਫੌਜ ਦੇ ਜਵਾਨ ਦੇ ਘਰ ਦੀ ਛਾਣਬੀਣ
ਭਵਾਨੀਗੜ੍ਹ : ਪਜਾਬ ਦੇ ਜਿ਼ਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ । ਜਾਣਕਾਰੀ ਅਨੁਸਾਰ ਟੀਮ ਆਪਣੇ ‘ਗੁਪਤ ਆਪ੍ਰੇਸ਼ਨ’ ਤਹਿਤ ਸਵੇਰੇ 6 ਵਜੇ ਨੇੜਲੇ ਪਿੰਡ ਮਾਝੀ ਵਿਖੇ ਪਹੁੰਚੀ, ਜਿੱਥੇ ਐੱਨ. ਆਈ. ਏ. ਦੀ ਟੀਮ ਵੱਲੋਂ ਦਿੱਲੀ ’ਚ ਤਾਇਨਾਤ ਫੌਜ ਦੇ ਇਕ ਜਵਾਨ ਦੇ ਘਰ ਦੀ ਛਾਣਬੀਣ ਤੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਟੀਮ ਨੇ ਫੌਜੀ ਜਵਾਨ ਦੇ ਘਰ ਅੰਦਰ ਕਰੀਬ 2 ਘੰਟੇ ਤੱਕ ਜਾਂਚ ਪੜਤਾਲ ਕੀਤੀ, ਜਿਸ ਉਪਰੰਤ ਟੀਮ ਵਾਪਸ ਪਰਤ ਗਈ। ਹਾਲਾਂਕਿ ਐਨ. ਆਈ. ਏ. ਵੱਲੋਂ ਇੱਥੇ ਛਾਪੇਮਾਰੀ ਕਿਉਂ ਕੀਤੀ ਗਈ, ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਕੌਮੀ ਜਾਂਚ ਏਜੰਸੀ ਦੇ ਅਧਿਕਾਰੀ ਇੱਕ ਗੰਭੀਰ ਮਾਮਲੇ ਦੀ ਜਾਂਚ ਲਈ ਟੀਮ ਨਾਲ ਤੜਕਸਾਰ ਇੱਥੇ ਪੁੱਜੇ ਸਨ । ਦੂਜੇ ਪਾਸੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀ. ਐਸ. ਪੀ. ਰਾਹੁਲ ਕੌਸ਼ਲ ਨੇ ਐਨ. ਆਈ. ਏ. ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਉਨ੍ਹਾਂ ਕਿਹਾ ਕਿ ਐਨ. ਆਈ. ਏ. ਵੱਲੋਂ ਕੀਤੀ ਜਾਂਦੀ ਕਿਸੇ ਵੀ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ । ਸਥਾਨਕ ਥਾਣੇ ਦੇ ਮੁਲਾਜ਼ਮ ਟੀਮ ਦੇ ਨਾਲ ਸਨ ਪਰ ਉਨ੍ਹਾਂ ਨੂੰ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ । ਐਨ. ਆਈ. ਏ. ਦੀ ਟੀਮ ਨੇ ਪਿੰਡ ਮਾਝੀ ਵਿਖੇ ਇੱਕ ਫੌਜੀ ਜਵਾਨ ਦੇ ਘਰ ਛਾਪਾ ਮਾਰਿਆ ਸੀ ।