ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਈਲਵਾਲ ਵਿਖੇ ਨਵੇਂ 66 ਕੇ. ਵੀ. ਗਰਿੱਡ ਸਬ ਸਟੇਸ਼ਨ ਦਾ ਉਦਘਾਟਨ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਈਲਵਾਲ ਵਿਖੇ ਨਵੇਂ 66 ਕੇ. ਵੀ. ਗਰਿੱਡ ਸਬ ਸਟੇਸ਼ਨ ਦਾ ਉਦਘਾਟਨ
ਈਲਵਾਲ ਸਮੇਤ ਦਰਜਨ ਦੇ ਕਰੀਬ ਪਿੰਡਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਘਾਟ- ਅਮਨ ਅਰੋੜਾ
ਮੇਨ ਹਾਈਵੇ ਤੋਂ ਈਲਵਾਲ ਤੱਕ 2.50 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕੀਤੀ ਜਾਵੇਗੀ ਸੜਕ : ਅਮਨ ਅਰੋੜਾ
ਸੁਨਾਮ ਉਧਮ ਸਿੰਘ ਵਾਲਾ 6 ਦਸੰਬਰ : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ, ਸ਼ਿਕਾਇਤ ਨਿਵਾਰਨ ਅਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਪਿੰਡ ਈਲਵਾਲ ਵਿਖੇ ਲਗਭਗ 4.84 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ 66 ਕੇ. ਵੀ. ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਉਹਨਾਂ ਦੱਸਿਆ ਕਿ ਪਿਛਲੇ ਸਾਲ ਇਸ ਗਰਿੱਡ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮਹਿਜ਼ ਡੇਢ ਸਾਲਾਂ ਅੰਦਰ ਹੀ ਇਸ ਗਰਿੱਡ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਕੇ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਈਲਵਾਲ ਅਤੇ ਇਸ ਦੇ ਨੇੜੇ ਸਥਿਤ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਆਰੀ ਬਿਜਲੀ ਸਪਲਾਈ ਯਕੀਨੀ ਬਣ ਸਕੇਗੀ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 3.81 ਕਰੋੜ ਰੁਪਏ ਦੀ ਲਾਗਤ ਨਾਲ 20 ਐਮ. ਵੀ. ਏ. 66/11 ਕੇ. ਵੀ. ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 1.03 ਕਰੋੜ ਰੁਪਏ ਦੀ ਲਾਗਤ ਨਾਲ ਸੁਨਾਮ- ਨਾਗਰਾ ਲਾਈਨ ਤੋਂ 3.5 ਕਿਲੋਮੀਟਰ ਦੀ ਨਵੀਂ ਲਾਈਨ ਉਸਾਰੀ ਗਈ ਹੈ ਤਾਂ ਜੋ 66 ਕੇ. ਵੀ. ਗਰਿੱਡ ਨਾਗਰਾ, ਕਲੋਦੀ ਅਤੇ ਕਨੋਈ ਨੂੰ ਰਾਹਤ ਮਿਲ ਸਕੇ । ਉਹਨਾਂ ਦੱਸਿਆ ਕਿ ਇਸ ਗਰਿਡ ਤੋਂ 6 ਨਵੇਂ 11 ਕੇ. ਵੀ. ਫੀਡਰ ਉਸਾਰੇ ਗਏ ਹਨ ਜਿਸ ਨਾਲ ਮੌਜੂਦਾ 11 ਕੇ.ਵੀ ਲਾਈਨਾਂ ਦੀ ਲੰਬਾਈ ਘਟਣ ਦੇ ਨਾਲ ਨਾਲ ਵੋਲਟੇਜ ਵਿੱਚ ਸੁਧਾਰ ਹੋਇਆ ਹੈ । ਉਹਨਾਂ ਦੱਸਿਆ ਕਿ ਨੁਕਸ ਪੈਣ ਦੀ ਸੰਭਾਵਨਾ ਘਟਣ ਦੇ ਚਲਦਿਆਂ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇ ਯੋਗਤਾ ਵਿੱਚ ਸੁਧਾਰ ਹੋਇਆ ਹੈ । ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਗਰਿੱਡ ਦੇ ਚਾਲੂ ਹੋਣ ਨਾਲ ਈਲਵਾਲ, ਕੰਮੋਮਾਜਰਾ ਕਲਾਂ, ਕੰਮੋਮਾਜਰਾ ਖੁਰਦ, ਖੇੜੀ, ਗੱਗੜਪੁਰ, ਸਜੂਮਾ ਅਤੇ ਸੋਹੀਆਂ ਪਿੰਡਾਂ ਨੂੰ ਸਿੱਧੇ ਤੌਰ ਉਤੇ ਅਤੇ ਖੁਰਾਣਾ, ਕਲੋਦੀ, ਬਲਵਾੜ ਖੁਰਦ ਅਤੇ ਨਾਗਰੀ ਪਿੰਡਾਂ ਨੂੰ ਅਸਿੱਧੇ ਤੌਰ ਉਤੇ ਫਾਇਦਾ ਹੋਇਆ ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਸ ਗਰਿੱਡ ਲਈ ਗ੍ਰਾਮ ਪੰਚਾਇਤ ਈਲਵਾਲ ਵੱਲੋਂ ਲਗਭਗ ਇੱਕ ਏਕੜ ਜ਼ਮੀਨ ਪਾਵਰਕਾਮ ਨੂੰ ਦਿੱਤੀ ਗਈ ਹੈ । ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੇਨ ਹਾਈਵੇ ਤੋਂ ਵਾਇਆ ਖੇੜੀ ਪਿੰਡ ਈਲਵਾਲ ਤੱਕ 4.30 ਕਿਲੋਮੀਟਰ ਲੰਬੀ ਸੜਕ ਨੂੰ 2.50 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਵਾਉਣ ਦੇ ਪ੍ਰੋਜੈਕਟ ਨੂੰ ਜਲਦੀ ਹੀ ਆਰੰਭ ਕਰਵਾਇਆ ਜਾਵੇਗਾ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਪੀ. ਐਸ. ਪੀ. ਸੀ. ਐਲ. ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਚੀਫ ਇੰਜੀਨੀਅਰ ਆਰ ਤੇ ਮਿੱਤਲ, ਨਿਗਰਾਨ ਇੰਜੀਨੀਅਰ ਰਘੀਰੀਤ ਸਿੰਘ ਬਰਾੜ ਤੇ ਐਨ ਕੇ ਜਿੰਦਲ ਅਤੇ ਐਕਸੀਅਨ ਵਰਿੰਦਰ ਦੀਪਕ, ਮਨਦੀਪ ਸਿੰਘ ਜੁਆਇੰਟ ਸੈਕਟਰੀ ਪੰਜਾਬ, ਬਲਜਿੰਦਰ ਸਿੰਘ ਗੋਦਾ ਬਲਾਕ ਪ੍ਰਧਾਨ, ਗੁਰਿੰਦਰ ਪਾਲ ਸਿੰਘ ਖੇੜੀ ਬਲਾਕ ਪ੍ਰਧਾਨ, ਸਰਪੰਚ ਦੀਪ ਸਿੰਘ ਬਾਵਾ ਬਲਾਕ ਪ੍ਰਧਾਨ, ਬਲਦੇਵ ਸਿੰਘ ਸਾਬਕਾ ਸਰਪੰਚ, ਸ਼ਰੀਫ ਖਾਨ ਯੂਥ ਆਗੂ, ਸੁਰਿੰਦਰ ਸਿੰਘ ਸੋਹੀਆ ਪ੍ਰਧਾਨ ਟਰੱਕ ਯੂਨੀਅਨ, ਭਾਨੂ ਪ੍ਰਤਾਪ ਤੇ ਆਸ਼ੀਸ਼ ਜੈਨ ਵੀ ਹਾਜ਼ਰ ਸਨ ।