ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ `ਚ ਇਕ ਵੀ ਸੀਟ ਨਹੀਂ ਮਿਲੀ : ਜਾਖੜ
ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ `ਚ ਇਕ ਵੀ ਸੀਟ ਨਹੀਂ ਮਿਲੀ : ਜਾਖੜ
ਚੰਡੀਗੜ੍ਹ : ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਰਹਿ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਕੇ ਪਾਰਟੀ `ਚ ਪ੍ਰੋਗਰਾਮਾਂ ਵਿਚ ਆਪਣੀ ਦੂਰੀ ਪਿਛਲੇ ਕਾਰਨਾਂ, ਕਿਸਾਨਾਂ ਤੇ ਵਿਰੋਧੀ ਪਾਰਟੀਆਂ ਸਮੇਤ ਕਈ ਮੁੱਦਿਆਂ `ਤੇ ਖੁੱਲ੍ਹ ਕੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਬੇਸ਼ੱਕ ਲੋਕ ਸਭਾ ਚੋਣਾਂ `ਚ ਭਾਜਪਾ ਦਾ ਵੋਟ ਪ੍ਰਤੀਸ਼ਤ 6% ਤੋਂ 18% ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ `ਚ ਇਕ ਵੀ ਸੀਟ ਨਹੀਂ ਮਿਲੀ । ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਰੀ ਇਹ ਨਾਕਾਮੀ ਸੀ । ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਦਿੱਤਾ । ਮੈਂ ਹਾਈਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਨ੍ਹਾਂ `ਤੇ ਚਰਚਾ ਵੀ ਕੀਤੀ । ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ । ਇਹੀ ਕਾਰਨ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਚੋਣਾਂ `ਚ ਸਰਗਰਮ ਨਹੀਂ ਹਾਂ । ਮੈਂ ਆਪਣੇ ਆਪ `ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ । ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਤੇ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਹੈ । ਉਨ੍ਹਾਂ ਹਮੇਸ਼ਾ ਭਾਈਚਾਰਕ ਸਦਭਾਵਨਾ ਦਾ ਸਬੂਤ ਦਿੱਤਾ ਹੈ । ਕਰਤਾਰਪੁਰ ਲਾਂਘਾ ਖੁਲਵਾਉਣ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲਾਲ ਕਿਲੇ `ਤੇ ਮਨਾਉਣ, ਵੀਰ ਬਾਲ ਦਿਵਸ ਮਨਾਉਣ ਵਰਗੇ ਕੰਮ ਉਨ੍ਹਾਂ ਦੇ ਪੰਜਾਬ ਪ੍ਰਤੀ ਲਗਾਅ ਨੂੰ ਦਰਸਾਉਂਦੇ ਹਨ । ਉਹ ਸਿੱਖ ਭਾਈਚਾਰੇ ਪ੍ਰਤੀ ਲਾਮਬੰਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿੰਦੇ ਹਨ ਕਿ ਪੰਜਾਬ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ । ਪੰਜਾਬ ਇਸ ਸਮੇਂ ਬੜੇ ਖ਼ਤਰਨਾਕ ਮੰਜਰ `ਚੋਂ ਗੁਜ਼ਰ ਰਿਹਾ ਹੈ । ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ` ਦੀ ਸੋਚ `ਤੇ ਪਹਿਰਾ ਦੇਣ ਦੀ ਲੋੜ ਹੈ । ਕਿਸਾਨਾਂ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ `ਚ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਦੀ ਟੀਸ ਬਰਕਰਾਰ ਹੈ । ਅੰਦੋਲਨ ਕਾਰਨ ਕਈ ਕਿਸਾਨਾਂ ਨੇ ਜਾਨਾਂ ਗੁਆਈਆਂ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਹ ਗੱਲ ਮੰਨ ਚੁੱਕੇ ਹਨ ਕਿ ਕਿਸਾਨਾਂ ਨੂੰ ਸਮਝਾਉਣ `ਚ ਸਾਡੀ ਸਰਕਾਰ ਕਾਮਯਾਬ ਨਹੀਂ ਹੋ ਸਕੀ । ਇਸ ਸਮੇਂ ਕਿਸਾਨਾਂ ਦੀ ਬਾਂਹ ਫੜਨ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ । ਕਿਸਾਨ ਮੰਡੀਆਂ `ਚ ਰੁਲ ਰਹੇ ਹਨ. ਸਥਿਤੀ ਇਹ ਬਣ ਗਈ ਹੈ ਕਿ ਕਿਸਾਨ ਨੂੰ ਖ਼ੁਦਕੁਸ਼ੀ ਤੱਕ ਲਈ ਮਜਬੂਰ ਹੋਣਾ ਪੈ ਰਿਹਾ ਹੈ । ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਕੋਰੋਨਾ ਕਾਲ ਜਿਹੇ ਔਖੇ ਸਮੇਂ `ਚ ਵੀ ਫ਼ਸਲਾਂ ਦੀ ਨਿਰਵਿਘਨ ਖ਼ਰੀਦ ਕੀਤੀ ਗਈ ਪਰ ਹੁਣ ਕਿਸਾਨ ਮੰਡੀਆਂ `ਚ ਖੱਜਲ ਹੋ ਰਹੇ ਹਨ । ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਰਹਿਣਾ ਪੰਜਾਬ `ਚ ਬਹੁਤ ਜਰੂਰੀ ਹੈ ਚਾਹੇ ਉਸ `ਚ ਸੁਖਬੀਰ ਬਾਦਲ ਹੋਣ ਜਾਂ ਨਾ ਹੋਣ । ਅਕਾਲੀ ਦਲ ਇਕ ਇੰਸਟੀਚਿਊਟ ਹੈ । ਇਸ ਤੋਂ ਇਲਾਵਾ ਅਕਾਲੀ ਦਲ ਇਕ ਸੋਚ ਹੈ । ਅਕਾਲੀ ਦਲ ਨੂੰ ਮਜ਼ਬੂਤ ਰੱਖਣ ਲਈ ਇਸ `ਚ ਚੰਗੇ ਰਾਜਨੇਤਾ ਹੋਣੇ ਚਾਹੀਦੇ ਹਨ। ਪਹਿਲਾਂ ਅਕਾਲੀ ਦਲ `ਚ ਜਿਹੜੇ ਨੇਤਾਵਾਂ ਨੇ ਬੁੱਲ੍ਹੇ ਲੁੱਟੇ ਹਨ, ਉਹ ਹੁਣ ਕਿਉਂ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ ਤੇ ਪਹਿਲਾਂ ਕਿਉਂ ਨਹੀਂ ਬੋਲੇ। ਮੇਰਾ ਮੰਨਣਾ ਹੈ ਕਿ ਪੰਜਾਬ `ਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ । ਇਹ ਸਿਰਫ਼ ਸਿਆਸੀ ਪਾਰਟੀ ਨਹੀਂ ਹੈ । ਇਸ ਦੀ ਨੀਂਹ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਮੁਕੱਦਸ ਅਸਥਾਨ ਤੋਂ ਰੱਖੀ ਗਈ । ਇਸ ਦੀ ਤੁਲਨਾ ਕਿਸੇ ਹੋਰ ਸਿਆਸੀ ਪਾਰਟੀ ਨਾਲ ਨਹੀਂ ਕੀਤੀ ਜਾ ਸਕਦੀ । ਅਕਾਲੀ ਦਲ ਬਾਰੇ ਮੇਰੇ ਕੀਤੇ ਗਏ ਟਵੀਟ `ਤੇ ਕਈਆਂ ਨੂੰ ਪਿੱਸੂ ਪਏ ਹੋਏ ਹਨ। ਮੈਂ ਹਰ ਕਿਸੇ ਦੀ ਰਗ-ਰਗ ਨੂੰ ਜਾਣਦਾ ਹਾਂ ।