ਪ੍ਰੋ. ਰਮਨ ਮੈਣੀ ਨੂੰ ਮਿਲਿਆ ਇੰਸਟੀਚਿਊਟ ਆਫ਼ ਇੰਜਨੀਅਰਜ਼ (ਇੰਡੀਆ) ਵੱਲੋਂ 'ਐਮੀਨੈਂਟ ਇੰਜਨੀਅਰ ਐਵਾਰਡ'
ਪ੍ਰੋ. ਰਮਨ ਮੈਣੀ ਨੂੰ ਮਿਲਿਆ ਇੰਸਟੀਚਿਊਟ ਆਫ਼ ਇੰਜਨੀਅਰਜ਼ (ਇੰਡੀਆ) ਵੱਲੋਂ ‘ਐਮੀਨੈਂਟ ਇੰਜਨੀਅਰ ਐਵਾਰਡ’
-ਇੰਜਨੀਅਰ ਭਵਨ, ਚੰਡੀਗੜ੍ਹ ਵਿਖੇ 37ਵੀਂ ਰਾਸ਼ਟਰੀ ਕਨਵੈਨਸ਼ਨ ਦੌਰਾਨ ਪ੍ਰਦਾਨ ਕੀਤਾ ਸਨਮਾਨ
ਪਟਿਆਲਾ, 22 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਤੋਂ ਪ੍ਰੋ. ਰਮਨ ਮੈਣੀ ਨੂੰ ਇੰਸਟੀਚਿਊਟ ਆਫ਼ ਇੰਜਨੀਅਰਜ਼ (ਇੰਡੀਆ) ਵੱਲੋਂ ‘ਐਮੀਨੈਂਟ ਇੰਜਨੀਅਰ ਐਵਾਰਡ’ ਨਾਲ਼ ਸਨਮਾਨਿਤ ਕੀਤਾ ਗਿਆ ਹੈ । ‘ਕੰਪਿਊਟਰ ਇੰਜਨੀਅਰਾਂ ਦੀ 37ਵੀਂ ਰਾਸ਼ਟਰੀ ਕਨਵੈਨਸ਼ਨ’ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ । ਜਿ਼ਕਰਯੋਗ ਹੈ ਕਿ ਡਾ. ਮੈਣੀ ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਹਨ । ਡਾ. ਰਮਨ ਮੈਣੀ ਨੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਖੇਤਰ ਆਪਣੀ ਬੀ. ਟੈੱਕ, ਐੱਮ. ਟੈਕ ਅਤੇ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਐੱਮ ਟੈੱਕ ਦੀ ਡਿਗਰੀ ਦੌਰਾਨ ਉਨ੍ਹਾਂ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤਾ । ਉਹ ਆਈ.ਈ. (ਆਈ) ਦੇ ਫੈਲੋ ਹਨ ਅਤੇ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਤੋਂ ਇਲਾਵਾ ਆਈ. ਐੱਸ. ਟੀ. ਈ., ਆਈ. ਈ. ਟੀ. ਈ. ਅਤੇ ਅਤੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਇੰਜੀਨੀਅਰਜ਼ ਦੇ ਜੀਵਨ ਮੈਂਬਰ ਹਨ । ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਅਧਿਆਪਨ ਵਿੱਚ ਉਨ੍ਹਾਂ ਕੋਲ਼ 24 ਸਾਲਾਂ ਤੋਂ ਵੱਧ ਦਾ ਅਕਾਦਮਿਕ ਅਤੇ ਖੋਜ ਕਰੀਅਰ ਹੈ । ਉਨ੍ਹਾਂ ਦੇ 130 ਤੋਂ ਵੱਧ ਖੋਜ ਪੱਤਰ ਪ੍ਰਕਾਸਿ਼ਤ ਹੋ ਚੁੱਕੇ ਹਨ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ/ਸੰਮੇਲਨਾਂ ਵਿੱਚ ਪ੍ਰਸਿੱਧੀ ਪ੍ਰਾਪਤ ਹਨ । ਉਨ੍ਹਾਂ ਦੀ ਅਗਵਾਈ ਵਿੱਚ ਹੁਣ ਤੱਕ ਅੱਠ ਵਿਦਿਆਰਥੀ ਪੀ. ਐੱਚ. ਡੀ. ਅਤੇ 28 ਵਿਦਿਆਰਥੀ ਐੱਮ.ਟੈਕ ਕਰ ਚੱੁਕੇ ਹਨ।
ਉਹ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ।
ਉਹ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਰਹੇ ਹੋਣ ਤੋਂ ਇਲਾਵਾ ਬੋਰਡ ਆਫ਼ ਸਟੱਡੀਜ਼ ਆਫ਼ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਵੱਖ-ਵੱਖ ਨਾਮਵਰ ਯੂਨੀਵਰਸਿਟੀਆਂ ਦੇ ਵੱਖ-ਵੱਖ ਵਿਭਾਗਾਂ ਲਈ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਹਨ । ਉਹ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ, ਪੰਜਾਬ ਲਈ ਯੂਨੀਫਾਈਡ ਪੋਰਟਲ ਵਿਕਸਤ ਕਰਨ ਵਾਲੀ ਕਮੇਟੀ ਦੇ ਮੈਂਬਰ ਹਨ । ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਏ. ਸੀ. ਐੱਮ. ਵਿਦਿਆਰਥੀ ਚੈਪਟਰ ਅਤੇ ਓਰੇਕਲ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਡਾ. ਰਮਨ ਮੈਣੀ ਨੇ 2 ਅੰਤਰਰਾਸ਼ਟਰੀ ਕਾਨਫਰੰਸਾਂ, 3 ਐੱਫ ਡੀ. ਪੀਜ਼, ਅਤੇ 15 ਤੋਂ ਵੱਧ ਤਕਨੀਕੀ ਸਮਾਗਮਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ । ਉਸਨੂੰ ਦੁਨੀਆ ਭਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸੰਸਥਾਵਾਂ ਦੁਆਰਾ ਮਹਿਮਾਨ ਸਪੀਕਰ ਵਜੋਂ ਸੱਦਾ ਦਿੱਤਾ ਗਿਆ ਹੈ । ਡਾ. ਮੈਣੀ ਦੇ ਨਾਮ ਦੋ ਪੇਟੈਂਟ ਰਜਿਸਟਰਡ ਹਨ । ਆਪਣੇ ਇਸ ਸਨਮਾਨ ਮੌਕੇ ਉਨ੍ਹਾਂ ਵੱਲੋਂ ਆਪਣੀ ਪਤਨੀ ਡਾ. ਰੇਗੀਨਾ ਮੈਣੀ, ਸੀਨੀਅਰ ਮੈਡੀਕਲ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਡਾ. ਤਾਰਾ ਸਿੰਘ ਕਮਲ, ਸਾਬਕਾ ਪ੍ਰਧਾਨ ਆਈ. ਈ. ਆਈ., ਇੰਜ. ਐੱਸ. ਐੱਸ. ਮੁੰਦੀ ਵਾਈਸ ਪ੍ਰੈਜ਼ੀਡੈਂਟ ਆਈ. ਈ. ਆਈ., ਡਾ. ਬਲਜੀਤ ਸਿੰਘ, ਚੇਅਰਮੈਨ, ਐੱਫ. ਆਈ. ਈ., ਡਾ. ਜਗਤਾਰ ਸਿੰਘ ਸਿਵੀਆ ਸਾਬਕਾ ਚੇਅਰਮੈਨ, ਬਠਿੰਡਾ ਚੈਪਟਰ, ਆਈ. ਈ. ਆਈ. ਅਤੇ ਆਈ. ਈ. ਆਈ. ਦੇ ਹੋਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ. ਕੇ. ਕੇ. ਯਾਦਵ ਆਈ. ਏ. ਐੱਸ. ਦੇ ਨਿਰੰਤਰ ਸਹਿਯੋਗ ਅਤੇ ਮਾਰਗਦਰਸ਼ਨ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਉਹ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਆਪਣੀ ਜ਼ਿੰਦਗੀ ਭਰ ਸਰਵੋਤਮ ਪ੍ਰਦਰਸ਼ਨ ਕਰਦੇ ਰਹਿਣਗੇ ।